ਪੰਜਾਬੀ ਯੂਨੀਵਰਸਿਟੀ ਵਿਚਲੇ ਯੂਨੀਵਰਸਿਟੀ ਕਾਲਜ ਆਫ਼ ਇੰਜਨੀਅਰਿੰਗ’ ਦੇ ਵਿਦਿਆਰਥੀਆਂ ਨੇ ਆਪਣੇ ਹੀ ਇਕ ਸਾਥੀ ਦੀ ਤੇਜ਼ਧਾਰ ਹਥਿਆਰ ਨਾਲ ਹੱਤਿਆ ਕਰ ਦਿੱਤੀ ਜਿਸ ਦੀ ਸ਼ਨਾਖਤ ਨਵਜੋਤ ਸਿੰਘ ਵਜੋਂ ਹੋਈ ਹੈ। ਇਸ ਹਮਲੇ ‘ਚ ਉਸ ਦਾ ਇਕ ਸਾਥੀ ਜ਼ਖਮੀ ਹੋ ਗਿਆ ਜੋ ਜ਼ੇਰੇ ਇਲਾਜ ਹੈ। ਇਸ ਘਟਨਾ ਮਗਰੋਂ ਜ਼ਿਲ੍ਹਾ ਪੁਲੀਸ ਮੁਖੀ ਵਰੁਣ ਸ਼ਰਮਾ ਤੇ ਯੂਨੀਵਰਸਿਟੀ ਦੇ ਸਕਿਉਰਿਟੀ ਅਫਸਰ ਕੈਪਟਨ ਗੁਰਤੇਜ ਸਿੰਘ ਨੇ ਘਟਨਾ ਸਥਾਨ ਦਾ ਦੌਰਾ ਕੀਤਾ। ਉਧਰ ਪੁਲੀਸ ਨੇ ਜ਼ਖਮੀ ਵਿਦਿਆਰਥੀ ਦੇ ਬਿਆਨਾਂ ‘ਤੇ ਛੇ ਵਿਦਿਆਰਥੀਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ। ਨਵਜੋਤ ਸਿੰਘ ਨਾਭਾ ਨੇੜਲੇ ਪਿੰਡ ਸੰਗਤਪੁਰਾ ਦਾ ਰਹਿਣ ਵਾਲਾ ਸੀ ਤੇ ਬੀਟੈੱਕ ਕੰਪਿਊਟਰ ਸਾਇੰਸ ਐਂਡ ਇੰਜਨੀਅਰਿੰਗ ਦੇ ਛੇਵੇਂ ਸਮੈਸਟਰ ਦਾ ਵਿਦਿਆਰਥੀ ਸੀ। ਉਸ ਦੀ ਕਿਸੇ ਮਾਮਲੇ ਨੂੰ ਲੈ ਕੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਨਾਲ ਹੀ ਕੁਝ ਸਮੇਂ ਤੋਂ ਰੰਜ਼ਿਸ਼ ਚੱਲੀ ਆ ਰਹੀ ਸੀ ਜਿਸ ਤਹਿਤ ਉਨ੍ਹਾਂ ਵਿਦਿਆਰਥੀਆਂ ਨਾਲ ਤਕਰਾਰ ਹੋਈ ਜਿਸ ਤੋਂ ਬਾਅਦ ਉਨ੍ਹਾਂ ਨੇ ਕਾਲਜ ਕੰਪਲੈਕਸ ਅੰਦਰ ਹੀ ਉਸ ‘ਤੇ ਕਿਰਚ ਨਾਲ ਤਿੰਨ ਵਾਰ ਕੀਤੇ। ਘਟਨਾ ਤੋਂ ਤੁਰੰਤ ਬਾਅਦ ਨਵਜੋਤ ਨੂੰ ਯੂਨੀਵਰਸਿਟੀ ਵਿਚਲੀ ਡਿਸਪੈਂਸਰੀ ਲਿਜਾਇਆ ਗਿਆ, ਜਿੱਥੋਂ ਮੁੱਢਲੀ ਸਹਾਇਤਾ ਦੇਣ ਮਗਰੋਂ ਉਸ ਨੂੰ ਐਂਬੂਲੈਂਸ ਰਾਹੀਂ ਸਰਕਾਰੀ ਰਾਜਿੰਦਰਾ ਹਸਪਤਾਲ ਪਹੁੰਚਾਇਆ ਗਿਆ ਪਰ ਉਹ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਗਿਆ। ਇਸ ਘਟਨਾ ਦੌਰਾਨ ਹੀ ਉਸ ਦਾ ਇੱਕ ਸਾਥੀ ਗੁਰਜਿੰਦਰ ਸਿੰਘ ਵਾਸੀ ਪਿੰਡ ਹਕੀਕਤਪੁਰਾ ਜ਼ਿਲ੍ਹਾ ਸੰਗਰੂਰ ਵੀ ਜ਼ਖ਼ਮੀ ਹੋ ਗਿਆ। ਉਹ ਵੀ ਯੂਨੀਵਰਸਿਟੀ ਦਾ ਵਿਦਿਆਰਥੀ ਹੈ। ਇਸ ਕੇਸ ਦੇ ਤਫਤੀਸ਼ੀ ਅਫਸਰ ਤੇ ਥਾਣਾ ਅਰਬਨ ਅਸਟੇਟ ਦੇ ਐੱਸ.ਐੱਚ.ਓ. ਅੰਮ੍ਰਿਤਬੀਰ ਸਿੰਘ ਮੁਤਾਬਿਕ ਇਸ ਸਬੰਧੀ ਸੰਜੋਤ, ਹਰਜਿੰਦਰ ਤੇ ਮੋਹਿਤ ਸਮੇਤ ਛੇ ਜਣਿਆਂ ਖਿਲਾਫ਼ ਧਾਰਾ 302 ਅਤੇ 307 ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਹ ਵੀ ਕਾਲਜ ਦੇ ਹੀ ਵਿਦਿਆਰਥੀ ਦੱਸੇ ਜਾ ਰਹੇ ਹਨ।