ਪਟਿਆਲਾ ਜ਼ਿਲ੍ਹੇ ਦੇ ਪਿੰਡ ਬਲਬੇੜਾ ‘ਚ ਬੀਤੀ ਰਾਤ ਦੋ ਲੜਕਿਆਂ ਵੱਲੋਂ ਪਿੰਡ ਦੀ ਹੀ ਛੇਵੀਂ ਜਮਾਤ ‘ਚ ਪੜ੍ਹਦੀ 11 ਸਾਲਾ ਇਕ ਲੜਕੀ ਨਾਲ ਚੱਲਦੀ ਕਾਰ ‘ਚ ਕਥਿਤ ਜਬਰ-ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲੀਸ ਕੋਲ ਕੀਤੀ ਸ਼ਿਕਾਇਤ ‘ਚ ਬੱਚੀ ਦੇ ਪਿਤਾ ਨੇ ਦੱਸਿਆ ਕਿ ਬੱਚੀ ਜਦੋਂ ਆਪਣੇ ਚਾਚੇ ਦੇ ਘਰ ਜਾ ਰਹੀ ਸੀ ਤਾਂ ਮੁਲਜ਼ਮਾਂ ਨੇ ਉਸ ਨੂੰ ਜਬਰੀ ਚੁੱਕ ਕੇ ਕਾਰ ਵਿਚ ਸੁੱਟ ਲਿਆ ਤੇ ਉਸ ਨਾਲ ਜਬਰ-ਜਨਾਹ ਕੀਤਾ। ਪੀੜਤ ਲੜਕੀ ਪਟਿਆਲਾ ਸਥਿਤ ਸਰਕਾਰੀ ਰਾਜਿੰਦਰਾ ਹਸਪਤਾਲ ‘ਚ ਜ਼ੇਰੇ ਇਲਾਜ ਹੈ। ਇਸ ਘਟਨਾ ਤੋਂ ਬਾਅਦ ਪੀੜਤ ਪਰਿਵਾਰ, ਰਿਸ਼ਤੇਦਾਰ ਅਤੇ ਪਿੰਡ ਵਾਸੀ ਵੱਡੀ ਗਿਣਤੀ ‘ਚ ਪਟਿਆਲਾ ਸਥਿਤ ਹਸਪਤਾਲ ‘ਚ ਇਕੱਠੇ ਹੋ ਗਏ। ਇਤਲਾਹ ਮਿਲਣ ‘ਤੇ ਡੀ.ਐੱਸ.ਪੀ. ਦਿਹਾਤੀ ਗੁਰਦੇਵ ਸਿੰਘ ਧਾਲੀਵਾਲ ਨੇ ਥਾਣਾ ਸਦਰ ਪਟਿਆਲਾ ਦੀ ਪੁਲੀਸ ਨੂੰ ਤੁਰੰਤ ਹਸਪਤਾਲ ਪਹੁੰਚ ਕੇ ਬਿਆਨ ਦਰਜ ਕਰਨ ਦੀ ਹਦਾਇਤ ਕੀਤੀ, ਜਿਸ ‘ਤੇ ਥਾਣਾ ਸਦਰ ਪਟਿਆਲਾ ਦੇ ਐੱਸ.ਐੱਚ.ਓ. ਇੰਸਪੈਕਟਰ ਹਰਜਿੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਇਕ ਮਹਿਲਾ ਸਬ ਇੰਸਪੈਕਟਰ ਬਲਵੀਰ ਕੌਰ ਅਤੇ ਏ.ਐੱਸ.ਆਈ. ਨਿਸ਼ਾਨ ਸਿੰਘ ਸਮੇਤ ਹੋਰ ਪੁਲੀਸ ਮੁਲਾਜ਼ਮ ਹਸਪਤਾਲ ਪੁੱਜੇ। ਬੱਚੀ ਦੇ ਪਿਤਾ ਨੇ ਪੁਲੀਸ ਕੋਲ ਦਰਜ ਕਰਵਾਏ ਬਿਆਨਾਂ ‘ਚ ਦੱਸਿਆ ਕਿ ਉਸ ਦੀ 11 ਸਾਲਾ ਬੱਚੀ 21 ਜਨਵਰੀ ਰਾਤੀ ਕਰੀਬ 8 ਵਜੇ ਜਦੋਂ ਬਲਬੇੜਾ ‘ਚ ਆਪਣੇ ਚਾਚੇ ਦੇ ਘਰ ਜਾ ਰਹੀ ਸੀ ਤਾਂ ਇਕ ਸਵਿਫਟ ਕਾਰ ‘ਚ ਸਵਾਰ ਪਿੰਡ ਦੇ ਦੋ ਲੜਕਿਆਂ ਅਮਨਦੀਪ ਸਿੰਘ ਅਮਨੀ ਅਤੇ ਦਲਬੀਰ ਸਿੰਘ ਦੱਲੀ ਨੇ ਉਸ ਨੂੰ ਜਬਰੀ ਚੁੱਕ ਕੇ ਕਾਰ ‘ਚ ਸੁੱਟ ਲਿਆ। ਫਿਰ ਮੁਲਜ਼ਮਾਂ ਨੇ ਉਸ ਨਾਲ ਚੱਲਦੀ ਕਾਰ ਵਿਚ ਕਥਿਤ ਜਬਰ-ਜਨਾਹ ਕੀਤਾ। ਸ਼ਿਕਾਇਤਕਰਤਾ ਨੇ ਆਖਿਆ ਕਿ ਲੜਕੀ ਨੇ ਜਦੋਂ ਘਰ ਆ ਕੇ ਸਾਰੀ ਗੱਲ ਦੱਸੀ ਅਤੇ ਉਨ੍ਹਾਂ ਉਸ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ‘ਚ ਦਾਖ਼ਲ ਕਰਵਾਇਆ। ਐੱਸ.ਐੱਸ.ਪੀ. ਵਰੁਣ ਸ਼ਰਮਾ ਨੇ ਦੱਸਿਆ ਕਿ ਲੜਕੀ ਦੇ ਪਿਤਾ ਦੀ ਸ਼ਿਕਾਇਤ ‘ਤੇ ਦੋਵਾਂ ਲੜਕਿਆਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।