ਇਜ਼ਰਾਈਲ ਵੱਲੋਂ ਪੱਛਮੀ ਕੰਢੇ ‘ਤੇ ਕੀਤੇ ਗਏ ਹਮਲੇ ‘ਚ 9 ਵਿਅਕਤੀਆਂ ਦੇ ਮਾਰੇ ਜਾਣ ਮਗਰੋਂ ਖ਼ਿੱਤੇ ‘ਚ ਤਣਾਅ ਵਧ ਗਿਆ ਹੈ। ਗਾਜ਼ਾ ਕੱਟੜਵਾਦੀਆਂ ਵੱਲੋਂ ਸ਼ੁੱਕਰਵਾਰ ਨੂੰ ਰਾਕੇਟ ਦਾਗ਼ੇ ਗਏ ਜਦਕਿ ਇਜ਼ਰਾਈਲ ਨੇ ਹਵਾਈ ਹਮਲੇ ਕੀਤੇ। ਬੀਤੇ ਦੋ ਦਹਾਕਿਆਂ ‘ਚ ਇਹ ਸਭ ਤੋਂ ਵੱਡਾ ਘਾਤਕ ਹਮਲਾ ਮੰਨਿਆ ਜਾ ਰਿਹਾ ਹੈ। ਇਜ਼ਰਾਈਲ ‘ਤੇ ਪੰਜ ਰਾਕੇਟ ਦਾਗ਼ੇ ਗਏ ਸਨ ਜਿਨ੍ਹਾਂ ‘ਚੋਂ ਤਿੰਨ ਨੂੰ ਰਾਹ ‘ਚ ਹੀ ਸੁੱਟ ਲਿਆ ਗਿਆ ਜਦਕਿ ਇਕ ਖੁੱਲ੍ਹੇ ਇਲਾਕੇ ਅਤੇ ਦੂਜਾ ਗਾਜ਼ਾ ਅੰਦਰ ਡਿੱਗਿਆ। ਇਜ਼ਰਾਈਲ ਵੱਲੋਂ ਹਮਾਸ ਦੇ ਰਾਕੇਟ ਬਣਾਉਣ ਵਾਲੇ ਤਹਿਖਾਨਿਆਂ ਅਤੇ ਦਹਿਸ਼ਤੀ ਸਿਖਲਾਈ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਅਗਵਾਈ ਹੇਠਲੀ ਇਜ਼ਰਾਇਲੀ ਸਰਕਾਰ ਲਈ ਇਹ ਵੱਡਾ ਇਮਤਿਹਾਨ ਹੈ। ਅਮਰੀਕਨ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਵੱਲੋਂ ਅਗਲੇ ਹਫ਼ਤੇ ਖ਼ਿੱਤੇ ਦੇ ਦੌਰੇ ‘ਤੇ ਆਉਣ ਦੀ ਸੰਭਾਵਨਾ ਹੈ ਅਤੇ ਹਿੰਸਾ ਦਾ ਉਨ੍ਹਾਂ ਦੇ ਦੌਰੇ ‘ਤੇ ਪਰਛਾਵਾਂ ਪੈ ਸਕਦਾ ਹੈ। ਜ਼ਿਕਰਯੋਗ ਹੈ ਕਿ ਇਜ਼ਰਾਈਲ ਨੇ ਜੇਨਿਨ ਕੈਂਪ ‘ਤੇ ਹਮਲਾ ਕੀਤਾ ਸੀ ਜਿਸ ‘ਚ 9 ਵਿਅਕਤੀ ਹਲਾਕ ਅਤੇ 20 ਹੋਰ ਜ਼ਖ਼ਮੀ ਹੋ ਗਏ ਸਨ। ਫਲਸਤੀਨ ਦੇ ਰਾਸ਼ਟਰਪਤੀ ਮਹਿਮੂਦ ਅੱਬਾਸ ਨੇ ਤਿੰਨ ਦਿਨ ਦੇ ਸੋਗ ਦਾ ਐਲਾਨ ਕੀਤਾ ਹੈ। ਮੱਧ ਪੂਰਬ ‘ਚ ਅਮਰੀਕਨ ਕੂਟਨੀਤਕ ਬਾਰਬਰਾ ਲੀਫ਼ ਨੇ ਕਿਹਾ ਬਾਇਡਨ ਸਰਕਾਰ ਖ਼ਿੱਤੇ ‘ਚ ਤਣਾਅ ਦੇ ਹਾਲਾਤ ਤੋਂ ਫਿਕਰਮੰਦ ਹੈ ਅਤੇ ਜੇਨਿਨ ‘ਚ ਹੋਇਆ ਹਮਲਾ ਨਿੰਦਣਯੋਗ ਹੈ। ਤਾਜ਼ਾ ਹਮਲੇ ਨੂੰ ਪੁਲੀਸ ਨੇ ਅੱਤਵਾਦੀ ਹਮਲਾ ਕਰਾਰ ਦਿੱਤਾ ਹੈ। ਪੁਲੀਸ ਨੇ ਦੱਸਿਆ ਕਿ ਹਮਲਾਵਰ ਨੂੰ ਮੌਕੇ ‘ਤੇ ਹੀ ਗੋਲੀ ਮਾਰ ਦਿੱਤੀ ਗਈ। ਹਮਲਾ ਪੂਰਬੀ ਯੇਰੋਸ਼ਲਮ ਦੇ ਇਕ ਯਹੂਦੀ ਇਲਾਕੇ ਨੇਵੇ ਯਾਕੋਵ ‘ਚ ਹੋਇਆ। ਇਹ ਹਮਲਾ ਵੈਸਟ ਬੈਂਕ ‘ਚ ਇਜ਼ਰਾਈਲੀ ਫੌਜੀ ਹਮਲੇ ‘ਚ ਨੌਂ ਲੋਕਾਂ ਦੇ ਮਾਰੇ ਜਾਣ ਤੋਂ ਇਕ ਦਿਨ ਬਾਅਦ ਹੋਇਆ ਹੈ। ਅਜੇ ਤੱਕ ਕਿਸੇ ਸੰਗਠਨ ਨੇ ਪੂਜਾ ਸਥਾਨ ‘ਤੇ ਗੋਲੀਬਾਰੀ ਦੀ ਜ਼ਿੰਮੇਵਾਰੀ ਨਹੀਂ ਲਈ ਹੈ।