ਪੰਜਾਬ ਸਰਕਾਰ ਨੇ ਸਨਅਤੀ ਨਿਵੇਸ਼ ਲਈ ਰਾਹ ਸੁਖਾਲਾ ਕਰਨ ਵਾਸਤੇ ‘ਗਰੀਨ ਸਟੈਂਪ ਪੇਪਰ’ ਲਾਂਚ ਕੀਤਾ ਹੈ ਜਿਸ ਨਾਲ ਸਨਅਤੀ ਮਾਲਕਾਂ ਦੀ ਖੱਜਲ-ਖੁਆਰੀ ਘਟੇਗੀ। ਸਨਅਤੀ ਨਿਵੇਸ਼ ਕਰਨ ਦੇ ਇੱਛੁਕ ਉਦਯੋਗਪਤੀ ਹੁਣ ਇਨਵੈਸਟ ਪੰਜਾਬ ਪੋਰਟਲ ਤੋਂ ਹਰੇ ਰੰਗ ਵਾਲਾ ‘ਕਲਰ ਕੋਡਿਡ ਸਟੈਂਪ ਪੇਪਰ’ ਹਾਸਲ ਕਰ ਸਕਣਗੇ। ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਐਲਾਨ ਕਰਦਿਆਂ ਕਿਹਾ ਕਿ ਲੋਕਾਂ ਨੂੰ ਸਹੂਲਤ ਪ੍ਰਦਾਨ ਕਰਨ ਲਈ ਜਲਦੀ ਹੀ ਮਕਾਨਾਂ ਅਤੇ ਹੋਰ ਖੇਤਰਾਂ ‘ਚ ਵੀ ਇਹੀ ਕਲਰ ਕੋਡਿੰਗ ਸਟੈਂਪ ਪੇਪਰ ਲਾਗੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਨਅਤਕਾਰਾਂ ਨੂੰ ‘ਗਰੀਨ ਸਟੈਂਪ ਪੇਪਰ’ ਖ਼ਰੀਦਣ ਮਗਰੋਂ ਸਨਅਤੀ ਯੂਨਿਟ ਸਥਾਪਤ ਕਰਨ ਲਈ ਸੀ.ਐੱਲ.ਯੂ, ਜੰਗਲਾਤ, ਪ੍ਰਦੂਸ਼ਣ, ਅੱਗ ਅਤੇ ਹੋਰ ਵਿਭਾਗਾਂ ਤੋਂ ਮਨਜ਼ੂਰੀਆਂ ਲੈਣ ਲਈ ਲੋੜੀਂਦੀਆਂ ਵੱਖ-ਵੱਖ ਫ਼ੀਸਾਂ ਨਹੀਂ ਭਰਨੀਆਂ ਪੈਣਗੀਆਂ। ਮੁੱਖ ਮੰਤਰੀ ਨੇ ਕਿਹਾ ਕਿ ਸਨਅਤਕਾਰਾਂ ਨੂੰ ਗਰੀਨ ਸਟੈਂਪ ਪੇਪਰ ਖ਼ਰੀਦਣ ਉਪਰੰਤ 15 ਦਿਨਾਂ ਦੇ ਅੰਦਰ-ਅੰਦਰ ਸਾਰੇ ਵਿਭਾਗਾਂ ਤੋਂ ਸਾਰੀਆਂ ਲੋੜੀਂਦੀਆਂ ਪ੍ਰਵਾਨਗੀਆਂ ਪ੍ਰਾਪਤ ਹੋ ਜਾਣਗੀਆਂ। ਪੰਜਾਬ ਸਰਕਾਰ ਨੇ ਨਵੇਂ ਉਦਮੀਆਂ ਨੂੰ ਦਫ਼ਤਰਾਂ ਦੇ ਚੱਕਰ ਤੋਂ ਬਚਾਉਣ ਲਈ ਇਹ ਕਦਮ ਚੁੱਕਿਆ ਹੈ। ਵੀਡੀਓ ਸੁਨੇਹੇ ਜ਼ਰੀਏ ਮੁੱਖ ਮੰਤਰੀ ਨੇ ‘ਗਰੀਨ ਸਟੈਂਪ ਪੇਪਰ’ ਲਾਂਚ ਕਰਨ ਵਾਲਾ ਪੰਜਾਬ ਨੂੰ ਦੇਸ਼ ਦਾ ਪਹਿਲਾ ਸੂਬਾ ਦੱਸਿਆ। ਉਨ੍ਹਾਂ ਕਿਹਾ ਕਿ ‘ਗਰੀਨ ਸਟੈਂਪ ਪੇਪਰ’ ਦਾ ਉਦੇਸ਼ ਸੂਬੇ ‘ਚ ਆਪਣੀਆਂ ਇਕਾਈਆਂ ਸਥਾਪਤ ਕਰਨ ਦੇ ਚਾਹਵਾਨ ਉਦਮੀਆਂ ਨੂੰ ਕਾਰੋਬਾਰ ਸੁਖਾਲੇ ਢੰਗ ਨਾਲ ਕਰਨ ਪ੍ਰਤੀ ਉਤਸ਼ਾਹਤ ਕਰਨਾ ਹੈ। ਉਨ੍ਹਾਂ ਕਿਹਾ ਕਿ ਸੂਬੇ ‘ਚ ਸਨਅਤੀ ਇਕਾਈ ਸਥਾਪਤ ਕਰਨ ਦਾ ਚਾਹਵਾਨ ਇਨਵੈਸਟ ਪੰਜਾਬ ਪੋਰਟਲ ਰਾਹੀਂ ਇਹ ਵਿਲੱਖਣ ਕਲਰ ਕੋਡਿਡ ਸਟੈਂਪ ਪੇਪਰ ਪ੍ਰਾਪਤ ਕਰ ਸਕਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਪਹਿਲਕਦਮੀ ਦਾ ਵਿਚਾਰ ਇਸ ਸਾਲ ਦੇ ਸ਼ੁਰੂ ‘ਚ ਕਰਵਾਏ ਗਏ ‘ਇਨਵੈਸਟ ਪੰਜਾਬ’ ਦੌਰਾਨ ਸੂਬੇ ਅਤੇ ਦੇਸ਼ ਭਰ ਦੇ ਉਦਯੋਗਿਕ ਕਾਰੋਬਾਰੀਆਂ ਨਾਲ ਮੀਟਿੰਗਾਂ ਉਪਰੰਤ ਆਇਆ। ਉਨ੍ਹਾਂ ਆਸ ਪ੍ਰਗਟਾਈ ਕਿ ਇਸ ਗਰੀਨ ਸਟੈਂਪ ਪੇਪਰ ਨਾਲ ਉਦਯੋਗਪਤੀਆਂ ਦੇ ਸਮੇਂ, ਪੈਸੇ ਅਤੇ ਊਰਜਾ ਦੀ ਬੱਚਤ ਹੋਵੇਗੀ। ਉਨ੍ਹਾਂ ਕਿਹਾ ਕਿ ਹਰੇ ਰੰਗ ਦਾ ਸਟੈਂਪ ਪੇਪਰ ਇਸ ਗੱਲ ਦਾ ਸਬੂਤ ਹੋਵੇਗਾ ਕਿ ਸਨਅਤਕਾਰ ਪਹਿਲਾਂ ਹੀ ਯੂਨਿਟ ਸਥਾਪਤ ਕਰਨ ਲਈ ਲੋੜੀਂਦੀਆਂ ਮਨਜ਼ੂਰੀਆਂ ਲਈ ਸਾਰੀ ਫ਼ੀਸ ਅਦਾ ਕਰ ਚੁੱਕੇ ਹਨ। ਮੁੱਖ ਮੰਤਰੀ ਨੇ ਉਮੀਦ ਜ਼ਾਹਰ ਕੀਤੀ ਕਿ ਇਸ ਪਹਿਲਕਦਮੀ ਨਾਲ ਸੂਬੇ ‘ਚ ਹੋਰ ਨਿਵੇਸ਼ ਆਕਰਸ਼ਿਤ ਹੋਵੇਗਾ ਜਿਸ ਨਾਲ ਸੂਬੇ ਦੇ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ।