ਪੰਜਾਬੀ ਐੱਨ.ਆਰ.ਆਈਜ਼ ਨਾਲ ਮਿਲਣੀ ਦੇ ਪੰਜਾਬ ਸਰਕਾਰ ਵੱਲੋਂ ਰੱਖੇ ਪ੍ਰੋਗਰਾਮ ‘ਚ ਵੱਖ-ਵੱਖ ਮੁਲਕਾਂ ਤੋਂ ਪੁੱਜੇ ਪਰਵਾਸੀ ਪੰਜਾਬੀਆਂ ਨੇ ਆਪਣੇ ਦੁੱਖੜੇ ਰੋਏ। ਪਰਵਾਸੀ ਪੰਜਾਬੀਆਂ ਨੇ ਆਖਿਆ ਕਿ ਕਿਸਾਨ ਅੰਦੋਲਨ ਤੋਂ ਬਾਅਦ ਕੈਨੇਡਾ ਵਸਦੇ ਪੰਜਾਬੀਆਂ ਨੂੰ ਪੰਜਾਬ ਆਉਣਾ ਬਹੁਤ ਔਖਾ ਹੋ ਗਿਆ ਹੈ। ਪਰਵਾਸੀ ਭਾਰਤੀ ਮਾਮਲਿਆਂ ਬਾਰੇ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਕੋਲ ਪਰਵਾਸੀ ਪੰਜਾਬੀ ਫਰੈਂਡਜ਼ ਆਫ ਇੰਡੀਆ-ਕੈਨੇਡਾ ਦੇ ਪ੍ਰਧਾਨ ਮਨਿੰਦਰ ਗਿੱਲ ਨੇ ਕੈਨੇਡਾ ਤੋਂ ਪੰਜਾਬ ਆਉਣ ਲਈ ਈ-ਵੀਜ਼ਾ ਦੀ ਸਹੂਲਤ ‘ਚ ਪਰਵਾਸੀ ਪੰਜਾਬੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਦਾ ਮਾਮਲਾ ਚੁੱਕਿਆ। ਉਨ੍ਹਾਂ ਕਿਹਾ ਕਿ ਕਈ ਪਰਿਵਾਰਾਂ ਨੇ ਆਪਣੇ ਬਜ਼ੁਰਗਾਂ ਦੀਆਂ ਅਸਥੀਆਂ ਲਿਆਉਣੀਆਂ ਹੁੰਦੀਆਂ ਹਨ ਪਰ ਉਨ੍ਹਾਂ ਨੂੰ ਵੀ ਵੀਜ਼ਾ ਲੈਣ ‘ਚ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਦੇ ਪੰਜਾਬੀਆਂ ਨੇ ਕਿਸਾਨ ਅੰਦੋਲਨ ਦੀ ਖੁੱਲ੍ਹ ਕੇ ਕੀਤੀ ਮਦਦ ਕੀਤੀ ਸੀ ਜਿਸ ਕਾਰਨ ਹੁਣ ਉਨ੍ਹਾਂ ਨੂੰ ਇੰਡੀਆ ਆਉਣ ਲੱਗਿਆਂ ਵੀਜ਼ੇ ਦੀ ਵੱਡੀ ਸਮੱਸਿਆ ਆ ਰਹੀ ਹੈ। ਪੰਜਾਬ ‘ਚ 6 ਏਅਰਪੋਰਟ ਹੋਣ ਦੇ ਬਾਵਜੂਦ ਕਿਸੇ ਵੀ ਏਅਰਪੋਰਟ ਤੋਂ ਕੈਨੇਡਾ ਲਈ ਸਿੱਧੀ ਉਡਾਣ ਦਾ ਕੋਈ ਪ੍ਰਬੰਧ ਨਹੀਂ ਕੀਤਾ ਜਾ ਰਿਹਾ। ਮਨਿੰਦਰ ਗਿੱਲ ਨੇ ਕਿਹਾ ਕਿ ਮੋਦੀ ਸਰਕਾਰ ਦੇ ਪਹਿਲੇ ਪੰਜ ਸਾਲਾਂ ਦੌਰਾਨ ਕਾਲੀ ਸੂਚੀ ਨੂੰ ਖ਼ਤਮ ਕਰ ਦਿੱਤਾ ਸੀ। ਉਹ ਖੁਦ ਵੀ 19 ਸਾਲਾਂ ਤੱਕ ਕਾਲੀ ਸੂਚੀ ‘ਚ ਰਹੇ। ਕਾਲੀ ਸੂਚੀ ਖਤਮ ਹੋਣ ਤੋਂ ਬਾਅਦ ਗਰਮਖਿਆਲੀ ਸਿੱਖ ਕਾਰਕੁਨ ਵੀ ਇੰਡੀਆ ਦਾ ਦੌਰਾ ਆਮ ਕਰ ਸਕਦੇ ਸਨ ਅਤੇ ਉਨ੍ਹਾਂ ਨੂੰ ਪੁਲੀਸ ਤੰਗ ਵੀ ਨਹੀਂ ਸੀ ਕਰਦੀ ਪਰ ਹੁਣ ਉਹ ਮਹਿਸੂਸ ਕਰਦੇ ਹਨ ਕਿ ਕਿਸਾਨ ਅੰਦੋਲਨ ਤੋਂ ਬਾਅਦ ਹਾਲਾਤ ਬਦਲ ਗਏ ਹਨ। ਇੰਡੋ-ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ ਦੇ ਕੁਲਵੰਤ ਸਿੰਘ ਢੇਸੀ ਨੇ ਕਿਹਾ ਕਿ ਵੀਜ਼ਾ ਅਪਲਾਈ ਕਰਨ ਲਈ ਲੋਕਾਂ ਨੂੰ ਘੰਟਿਆਂਬੱਧੀ ਲਾਈਨਾਂ ‘ਚ ਖੜ੍ਹੇ ਰਹਿੰਦੇ ਹਨ ਅਤੇ ਫਿਰ ਵੀ ਵੀਜ਼ਾ ਲੈਣ ਲਈ 3-4 ਮਹੀਨੇ ਉਡੀਕ ਕਰਨੀ ਪੈਂਦੀ ਹੈ। ਉਨ੍ਹਾਂ ਆਖਿਆ ਕਿ ਭਾਰਤ ਸਰਕਾਰ ਦਾ ਇਹ ਰਵੱਈਆ ਕਿਸਾਨ ਅੰਦੋਲਨ ਤੋਂ ਬਾਅਦ ਬਦਲਿਆ ਹੈ। ਟੋਰਾਂਟੋ ਤੋਂ ਆਏ ਹਰਭਜਨ ਸਿੰਘ ਨੇ ਦੱਸਿਆ ਕਿ ਪਹਿਲਾਂ ਉਨ੍ਹਾਂ ਨੂੰ ਇਕ ਤੋਂ ਪੰਜ ਦਿਨਾਂ ‘ਚ ਵੀਜ਼ਾ ਮਿਲ ਜਾਂਦਾ ਸੀ ਪਰ ਇਸ ਵਾਰ ਇਕ ਮਹੀਨਾ ਤੋਂ ਵੱਧ ਸਮਾਂ ਲੱਗਾ ਹੈ। ਇਕ ਹੋਰ ਕੈਨੇਡੀਅਨ ਪੰਜਾਬੀ ਪਿਆਰਾ ਸਿੰਘ ਗੋਸਲ ਨੇ ਦੱਸਿਆ ਕਿ ਇਸ ਵਾਰ ਵੀਜ਼ਾ ਅਰਜ਼ੀ ਕੇਂਦਰ ‘ਚ ਕਤਾਰ ‘ਚ 11 ਘੰਟੇ ਉਡੀਕ ਕਰਨੀ ਪਈ। ਮੰਤਰੀ ਧਾਲੀਵਾਲ ਨੇ ਆਖਿਆ ਕਿ ਪੰਜਾਬ ਸਰਕਾਰ ਪਰਵਾਸੀ ਪੰਜਾਬੀਆਂ ਦਾ ਮਸਲਾ ਕੇਂਦਰ ਸਰਕਾਰ ਕੋਲ ਚੁੱਕੇਗੀ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਵਿਦੇਸ਼ਾਂ ਦੇ ਨਾਗਰਿਕ ਬਣ ਚੁੱਕੇ ਪਰਵਾਸੀ ਪੰਜਾਬੀਆਂ ਨੂੰ ਸੂਬੇ ‘ਚ ਜ਼ਮੀਨਾਂ ਦੀ ਖਰੀਦੋ-ਫਰੋਖਤ ਦੇ ਹੱਕ ਦਿਵਾਉਣ ਲਈ ਚਾਰਾਜੋਈ ਕਰੇਗੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਇਸ ਬਾਰੇ ਕਾਨੂੰਨ ‘ਚ ਲੋੜੀਦੀ ਸੋਧ ਵੀ ਕਰੇਗੀ ਅਤੇ ਲੋੜ ਪੈਣ ‘ਤੇ ਕੇਂਦਰ ਸਰਕਾਰ ਕੋਲ ਵੀ ਮਾਮਲਾ ਚੁੱਕਿਆ ਜਾਵੇਗਾ। ਉਨ੍ਹਾਂ ਕਿਹਾ ਕਿ ਅਗਲੇ ਵਰ੍ਹੇ ਪੰਜਾਬ ਸਰਕਾਰ ਵੱਲੋਂ ਵਿਦੇਸ਼ਾਂ ‘ਚ ਐੱਨ.ਆਰ.ਆਈ. ਸੰਮੇਲਨ ਕੀਤੇ ਜਾਣਗੇ ਤਾਂ ਜੋ ਉਨ੍ਹਾਂ ਦੇ ਬੂਹੇ ‘ਤੇ ਜਾ ਕੇ ਮੁਸ਼ਕਲਾਂ ਜਾਣ ਸਕੀਏ।