ਐੱਨ.ਆਰ.ਆਈ. ਸੰਮੇਲਨ ਇਕ ਵਾਰ ਫਿਰ ਪੰਜਾਬ ‘ਚ ਹੋਣ ਜਾ ਰਹੇ ਹਨ ਜਿਨ੍ਹਾਂ ਦੀ ਸ਼ੁਰੂਆਤ 16 ਦਸੰਬਰ ਨੂੰ ਜਲੰਧਰ ਤੋਂ ਹੋਵੇਗੀ। ਪੰਜਾਬ ਸਰਕਾਰ ਨੇ ਅਜਿਹੇ 5 ਐੱਨ.ਆਰ.ਆਈ. ਸੰਮੇਲਨ ਕਰਵਾਉਣ ਦਾ ਐਲਾਨ ਕਰ ਦਿੱਤਾ ਹੈ। ‘ਐੱਨ.ਆਰ.ਆਈ. ਪੰਜਾਬੀਆਂ ਨਾਲ ਮਿਲਣੀ’ ਨਾਮੀ ਇਹ 5 ਪ੍ਰੋਗਰਾਮ ਪਰਵਾਸੀ ਪੰਜਾਬੀਆਂ ਦੇ ਮਸਲਿਆਂ ਅਤੇ ਸ਼ਿਕਾਇਤਾਂ ਨੂੰ ਤਸੱਲੀਬਖ਼ਸ਼ ਢੰਗ ਨਾਲ ਨਜਿੱਠਣ ਲਈ ਕਰਵਾਏ ਜਾ ਰਹੇ ਹਨ। ਜਲੰਧਰ ਤੋਂ ਬਾਅਦ ਇਹ ਸੰਮੇਲਨ 19 ਨਵੰਬਰ ਨੂੰ ਮੁਹਾਲੀ, 23 ਨਵੰਬਰ ਨੂੰ ਲੁਧਿਆਣਾ, 26 ਨਵੰਬਰ ਨੂੰ ਮੋਗਾ ਅਤੇ 30 ਦਸੰਬਰ ਨੂੰ ਅੰਮ੍ਰਿਤਸਰ ‘ਚ ਕਰਾਇਆ ਜਾਵੇਗਾ। ਐੱਨ.ਆਰ.ਆਈ. ਮਾਮਲਿਆਂ ਨਾਲ ਸਬੰਧਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਐੱਨ.ਆਰ.ਆਈ. ਮਾਮਲੇ ਵਿਭਾਗ ਪੰਜਾਬ, ਐੱਨ.ਆਰ.ਆਈ. ਕਮਿਸ਼ਨ, ਐੱਨ.ਆਰ.ਆਈ. ਸਭਾ ਨਾਲ ਸਬੰਧਤ ਸੀਨੀਅਰ ਅਧਿਕਾਰੀਆਂ ਅਤੇ ਮੈਂਬਰਾਂ ਨਾਲ ਰੀਵਿਊ ਮੀਟਿੰਗ ਮਗਰੋਂ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ 16 ਦਸੰਬਰ ਨੂੰ ਜਲੰਧਰ ਵਿਖੇ ਹੋਣ ਵਾਲੀ ਮਿਲਣੀ ‘ਚ ਜਲੰਧਰ, ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ), ਕਪੂਰਥਲਾ ਆਦਿ ਜ਼ਿਲ੍ਹਿਆਂ ਨਾਲ ਸਬੰਧਤ ਪਰਵਾਸੀ ਪੰਜਾਬੀਆਂ ਦੇ ਮਸਲੇ ਤੇ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾਵੇਗਾ। ਇਸੇ ਤਰ੍ਹਾਂ 19 ਦਸਬੰਰ ਨੂੰ ਐੱਸ.ਏ.ਐੱਸ. ਨਗਰ ਵਿਖੇ ਮੁਹਾਲੀ, ਰੂਪਨਗਰ, ਫਤਿਹਗੜ੍ਹ ਸਾਹਿਬ ਤੇ ਪਟਿਆਲਾ, 23 ਦਸੰਬਰ ਨੂੰ ਲੁਧਿਆਣਾ ਵਿਖੇ ਲੁਧਿਆਣਾ, ਸੰਗਰੂਰ, ਬਰਨਾਲਾ ਤੇ ਮਾਲੇਰਕੋਟਲਾ ਸ਼ਾਮਲ ਹੋਣਗੇ। ਉਨ੍ਹਾਂ ਦੱਸਿਆ ਕਿ 26 ਦਸੰਬਰ ਨੂੰ ਮੋਗਾ ਵਿਖੇ ਮੋਗਾ, ਫਿਰੋਜ਼ਪੁਰ, ਫਰੀਦਕੋਟ, ਮੁਕਤਸਰ, ਫਾਜ਼ਿਲਕਾ, ਬਠਿੰਡਾ ਤੇ ਮਾਨਸਾ ਜਦਕਿ 30 ਦਸੰਬਰ ਨੂੰ ਅੰਮ੍ਰਿਤਸਰ ‘ਚ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ ਅਤੇ ਤਰਨ ਤਾਰਨ ਜ਼ਿਲ੍ਹਿਆਂ ਨੂੰ ਕਵਰ ਕੀਤਾ ਜਾਵੇਗਾ। ਧਾਲੀਵਾਲ ਨੇ ਦੱਸਿਆ ਕਿ 15 ਐੱਨ.ਆਰ.ਆਈ. ਪੁਲੀਸ ਥਾਣਿਆਂ ਵਿਖੇ ਬੁਨਿਆਦੀ ਸਹੂਲਤਾਂ ‘ਚ ਸੁਧਾਰ ਕੀਤਾ ਜਾਵੇਗਾ। ਹਰੇਕ ਐੱਨ.ਆਰ.ਆਈ. ਪੁਲੀਸ ਥਾਣੇ ਨੂੰ ਪ੍ਰਤੀ ਥਾਣਾ 2 ਲੱਖ ਰੁਪਏ ਅਤੇ ਕੁੱਲ 30 ਲੱਖ ਰੁਪਏ ਛੇਤੀ ਹੀ ਜਾਰੀ ਕਰ ਦਿੱਤੇ ਜਾਣਗੇ। ਜ਼ਿਲ੍ਹਿਆਂ ‘ਚ ਪਰਵਾਸੀ ਪੰਜਾਬੀਆਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਪੀ.ਸੀ.ਐੱਸ. ਪੱਧਰ ਦੇ ਅਧਿਕਾਰੀ ਨੋਡਲ ਅਫ਼ਸਰ ਵਜੋਂ ਤਾਇਨਾਤ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਐੱਨ.ਆਰ.ਆਈ. ਪੰਜਾਬੀ, ਜੋ ਬਾਹਰਲੇ ਮੁਲਕਾਂ ਦੇ ਨਾਗਰਿਕ ਬਣ ਚੁੱਕੇ ਹਨ, ਨੂੰ ਪੰਜਾਬ ‘ਚ ਖੇਤੀ ਜ਼ਮੀਨਾਂ ਖਰੀਦਣ ਦਾ ਅਧਿਕਾਰ ਦੇਣ ਲਈ ਕੇਂਦਰ ਕੋਲ ਮੁੱਦਾ ਚੁੱਕਿਆ ਜਾਵੇਗਾ।