ਅਦਾਲਤ ਵੱਲੋਂ ਜਾਰੀ ਕੀਤੇ ਗਏ ਗੈਰਜ਼ਮਾਨਤੀ ਵਾਰੰਟਾਂ ਦੇ ਆਧਾਰ ‘ਤੇ ਭੁਲੱਥ ਤੋਂ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ। ਇਸ ਮੰਗ ਨੂੰ ਲੈ ਕੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਨਾਲ ਮੁਲਾਕਾਤ ਕੀਤੀ ਅਤੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਗ੍ਰਿਫ਼ਤਾਰ ਕਰਨ ਦਾ ਮਾਮਲਾ ਉਨ੍ਹਾਂ ਸਾਹਮਣੇ ਰੱਖਿਆ। ਖਹਿਰਾ ਨੇ ਕਿਹਾ ਕਿ ਸੰਧਵਾਂ ਖ਼ਿਲਾਫ਼ ਤਰਨ ਤਾਰਨ ਦੀ ਅਦਾਲਤ ਨੇ 17 ਸਤੰਬਰ ਨੂੰ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਸਨ। ਪੰਜਾਬ ਪੁਲੀਸ ਉਨ੍ਹਾਂ ਨੂੰ ਅਦਾਲਤੀ ਹੁਕਮਾਂ ਦੇ ਬਾਵਜੂਦ ਗ੍ਰਿਫ਼ਤਾਰ ਨਹੀਂ ਕਰ ਰਹੀ। ਖਹਿਰਾ ਨੇ ਡੀ.ਜੀ.ਪੀ. ਨੂੰ ਦਿੱਤੇ ਮੰਗ ਪੱਤਰ ‘ਚ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਸਾਲ 2020 ‘ਚ ਕਰੋਨਾ ਮਹਾਮਾਰੀ ਦੌਰਾਨ ਤਰਨ ਤਾਰਨ ‘ਚ ਧਰਨਾ ਦਿੱਤਾ ਸੀ, ਜਿਸ ਸਬੰਧੀ ਤਰਨ ਤਾਰਨ ਪੁਲੀਸ ਨੇ 26 ਅਗਸਤ 2020 ਨੂੰ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਇਸ ਮਾਮਲੇ ਦੀ ਸੁਣਵਾਈ ਤਰਨ ਤਾਰਨ ਦੀ ਜ਼ਿਲ੍ਹਾ ਅਦਾਲਤ ‘ਚ ਚੱਲ ਰਹੀ ਹੈ, ਜਿੱਥੇ ਸੰਧਵਾਂ ਪੇਸ਼ ਨਹੀਂ ਹੋਏ। ਸੰਧਵਾਂ ਨੇ ਅਦਾਲਤ ‘ਚ ਅਗਾਊਂ ਜ਼ਮਾਨਤ ਅਰਜ਼ੀ ਲਾਈ ਸੀ ਜਿਸ ਨੂੰ ਅਦਾਲਤ ਨੇ 29 ਸਤੰਬਰ 2022 ਨੂੰ ਰੱਦ ਕਰ ਕਰਦਿਆਂ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ ਜਿਸ ਕਰ ਕੇ ਸੰਧਵਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਖਹਿਰਾ ਨੇ ਕਿਹਾ ਕਿ ‘ਆਪ’ ਬਦਲਾਖੋਰੀ ਦੀ ਰਾਜਨੀਤੀ ਕਰ ਰਹੀ ਹੈ ਜਿਸ ਵੱਲੋਂ ਪੰਜਾਬ ਦੇ ਹੱਕ ਦੀ ਗੱਲ ਕਰਨ ਵਾਲੇ ਲੱਖਾ ਸਿਧਾਣਾ ਖ਼ਿਲਾਫ਼ ਕੇਸ ਦਰਜ ਕਰ ਕੇ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ 9 ਅਕਤੂਬਰ ਨੂੰ ਲੱਖਾ ਸਿਧਾਣਾ ਵੱਲੋਂ ਪਿੰਡ ਮਹਿਰਾਜ ‘ਚ ਕੀਤੇ ਜਾ ਰਹੇ ਇਕੱਠ ‘ਚ ਸਾਰਿਆਂ ਨੂੰ ਪਹੁੰਚਣ ਦੀ ਅਪੀਲ ਕੀਤੀ। ਖਹਿਰਾ ਨੇ ਕਿਹਾ ਕਿ ‘ਆਪ’ ਦੀ ਹਾਈ ਕਮਾਂਡ ਪੰਜਾਬ ਦੇ ਖਜ਼ਾਨੇ ਨੂੰ ਖੋਰਾ ਲਾ ਰਹੀ ਹੈ। ਉਨ੍ਹਾਂ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੂੰ ‘ਆਪ’ ਨੂੰ ਵੋਟ ਨਾ ਪਾਉਣ ਦੀ ਅਪੀਲ ਕੀਤੀ। ਕਾਂਗਰਸੀ ਵਿਧਾਇਕ ਨੇ ਕਿਹਾ ਕਿ ਤਰਨ ਤਾਰਨ ਦੀ ਜ਼ਿਲ੍ਹਾ ਅਦਾਲਤ ਨੇ ਸਪੀਕਰ ਖ਼ਿਲਾਫ਼ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ, ਉਨ੍ਹਾਂ ਨੂੰ ਸੈਸ਼ਨ ਦੀ ਅਗਵਾਈ ਦਾ ਕੋਈ ਅਧਿਕਾਰ ਨਹੀਂ ਹੈ। ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ‘ਆਪ’ ਵਿਧਾਇਕ ਸ਼ੀਤਲ ਅੰਗੁਰਾਲ ਨੇ ‘ਆਪ’ ਵਿਧਾਇਕਾਂ ਦੀ ਖਰੀਦੋ-ਫਰੋਖਤ ਦੇ ਮਾਮਲੇ ‘ਚ ਦੋ ਵਕੀਲਾਂ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਅਨੁਰਾਗ ਠਾਕੁਰ ਖ਼ਿਲਾਫ਼ ਬਿਆਨ ਵਿਜੀਲੈਂਸ ਕੋਲ ਦਰਜ ਕਰਵਾਏ ਹਨ। ਇਸ ਕਰਕੇ ਪੰਜਾਬ ਸਰਕਾਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਅਨੁਰਾਗ ਠਾਕੁਰ ਖ਼ਿਲਾਫ਼ ਕੇਸ ਦਰਜ ਕਰੇ। ਖਹਿਰਾ ਨੇ ਭਾਵੇਂ ਅਦਾਲਤੀ ਪ੍ਰਕਿਰਿਆ ਤਹਿਤ ਵਾਜਬ ਮੰਗ ਰੱਖੀ ਹੈ ਪਰ ਡੀ.ਜੀ.ਪੀ. ਲਈ ਹਾਕਮ ਧਿਰ ਖ਼ਿਲਾਫ਼ ਇੰਨਾ ਵੱਡਾ ਕਦਮ ਚੁੱਕਣਾ ਤੇ ਸਪੀਕਰ ਨੂੰ ਗ੍ਰਿਫ਼ਤਾਰ ਕਰਨਾ ਬਹੁਤ ਔਖਾ ਕੰਮ ਹੈ। ਆਮ ਲੋਕ ਵੀ ਚਰਚਾ ਕਰਨ ਲੱਗੇ ਹਨ ਕਿ ਕਾਨੂੰਨ ਆਮ ਬੰਦੇ ਲਈ ਹੋਰ ਤਰ੍ਹਾਂ ਕੰਮ ਕਰਦਾ ਤੇ ਰਸੂਖਵਾਨਾਂ ਲਈ ਹੋਰ ਤਰ੍ਹਾਂ। ਜੇਕਰ ਇਹੋ ਗ਼ੈਰ ਜ਼ਮਾਨਤੀ ਵਾਰੰਟ ਕਿਸੇ ਸਾਧਾਰਨ ਵਿਅਕਤੀ ਦੇ ਅਦਾਲਤ ਵੱਲੋਂ ਕੱਢੇ ਹੁੰਦੇ ਤਾਂ ਪੁਲੀਸ ਨੇ ਹੁਣ ਤੱਕ ਚੁੱਕ ਕੇ ਅੰਦਰ ਕਰ ਦੇਣਾ ਸੀ।