ਪੰਜਾਬੀਆਂ ਦੀ ਬਹੁਗਿਣਤੀ ਵਾਲੇ ਸ਼ਹਿਰ ਸਰੀ ਵਿਖੇ ਰਹਿੰਦੇ ਪੰਜਾਬੀ ਮੂਲ ਦੇ ਕੈਨੇਡੀਅਨ ਅਮਰਵੀਰ ਢੇਸੀ ਨੇ ਬਰਮਿੰਘਮ (ਇੰਗਲੈਂਡ) ਵਿਖੇ ਕਾਮਨਵੈਲਥ ਗੇਮਜ਼ ’ਚ ਸੋਨ ਤਗ਼ਮਾ ਜਿੱਤਿਆ ਹੈ। ਸਰੀ ਵਿਚਲੇ ਬਲਬੀਰ ਢੇਸੀ ਦੇ ਘਰ ਇਸ ਜਿੱਤ ਮਗਰੋਂ ਰੌਕਣਾਂ ਲੱਗੀਆਂ ਹਨ ਅਤੇ ਪਰਿਵਾਰ ਨੂੰ ਆਪਣੇ ਲਾਡਲੇ ’ਤੇ ਮਾਣ ਹੈ। ਬਲਬੀਰ ਢੇਸੀ ਸਾਬਕਾ ਭਾਰਤੀ ਗ੍ਰੀਕੋ ਰੋਮਨ ਚੈਂਪੀਅਨ ਦੁਆਰਾ ਭਾਰਤ ’ਚ ਦੰਗਲਾਂ ’ਚ ਜਿੱਤੀ ਗਈ ਚਾਂਦੀ ਦੀ ਗਦਾ ਲਿਵਿੰਗ ਰੂਮ ਨੂੰ ਸ਼ਿੰਗਾਰਦੀ ਹੈ, ਨਾਲ ਹੀ ਉਸਦੇ ਪੁੱਤਰ ਅਮਰਵੀਰ ਢੇਸੀ ਅਤੇ ਪਰਮਵੀਰ ਢੇਸੀ ਵੱਲੋਂ ਜਿੱਤੀਆਂ ਸੱਤ-ਅੱਠ ਗਦਾਵਾਂ ਵੀ ਪਈਾਂ ਹਨ। ਅੰਤਰਰਾਸ਼ਟਰੀ ਤਗ਼ਮਿਆਂ ਤੋਂ ਇਲਾਵਾ ਭਾਰਤੀ ਭਾਈਚਾਰੇ ਦੇ ਮੁਕਾਬਲਿਆਂ ’ਚ ਵੀ ਢੇਸੀ ਭਰਾ ਕਈ ਇਨਾਮ ਜਿੱਤ ਚੁੱਕੇ ਹਨ। ਦੋਵੇਂ ਭਰਾ ਇੰਡੀਾ ’ਚ ਫ੍ਰੀਸਟਾਈਲ ਅਤੇ ਗ੍ਰੀਕੋ ਰੋਮਨ ਸਰਕਟ ਦੇ ਨਾਲ-ਨਾਲ 1980 ਦੇ ਦਹਾਕੇ ’ਚ ਕੈਨੇਡੀਅਨ ਸਥਾਨਕ ਕੁਸ਼ਤੀ ਸਰਕਟ ’ਚ ਆਪਣੇ ਪਿਤਾ ਦੇ ਕਾਰਨਾਮੇ ਸੁਣਦੇ ਹੋਏ ਵੱਡੇ ਹੋਏ। ਜਦੋਂ 26 ਸਾਲਾ ਅਮਰਵੀਰ ਨੇ ਪੁਰਸ਼ਾਂ ਦੇ 125 ਕਿਲੋਗ੍ਰਾਮ ਵਰਗ ’ਚ ਪਾਕਿਸਤਾਨ ਦੇ ਜ਼ਮਾਨ ਅਨਵਰ ਨੂੰ 9-2 ਨਾਲ ਹਰਾ ਕੇ ਸੋਨ ਤਗ਼ਮਾ ਜਿੱਤਿਆ ਤਾਂ ਸੀਨੀਅਰ ਢੇਸੀ ਅਤੇ ਉਨ੍ਹਾਂ ਦੀ ਪਤਨੀ ਗੁਰਬਖਸ਼ ਕੌਰ ਉਨ੍ਹਾਂ ਦੀ ਧੀ ਗੁਲਸ਼ਨ ਕੌਰ ਨਾਲ ਤਾਡ਼ੀਆਂ ਮਾਰ ਰਹੇ ਸਨ। ‘ਸਾਡੇ ਘਰ ਦੇ ਲਿਵਿੰਗ ਰੂਮ ’ਚ ਮੇਰਾ ਤਾਂ ਸਿਰਫ ਇਕ ਗੁਰਜ ਪਿਆ ਹੈ, ਬਾਕੀ ਸਾਰੇ ਅਮਰਵੀਰ ਤੇ ਪਰਮਵੀਰ ਦੇ ਹਨ। ਅਮਰਵੀਰ ਦੇ ਰਾਸ਼ਟਰਮੰਡਲ ਖੇਡਾਂ ’ਚ ਸੋਨ ਤਗ਼ਮਾ ਜਿੱਤਣ ਨਾਲ ਇਹ ਟਰਾਫੀ ਸਾਡੇ ਲਈ ਮਾਣ ਬਣ ਜਾਵੇਗੀ। ਇਹ ਕੈਨੇਡਾ ਦੇ ਨਾਲ-ਨਾਲ ਭਾਰਤ ਲਈ ਵੀ ਇਕ ਤਗ਼ਮਾ ਹੈ ਕਿਉਂਕਿ ਮੈਂ ਇਥੇ ਕੁਸ਼ਤੀ ਸ਼ੁਰੂ ਕੀਤੀ ਸੀ ਅਤੇ ਦੋਵੇਂ ਬੱਚਿਆਂ ਨੇ ਇਸ ਨੂੰ ਅੱਗੇ ਵਧਾਇਆ।’ 72 ਸਾਲਾ ਬਲਬੀਰ ਢੇਸੀ ਨੇ ਦੱਸਿਆ। ਢੇਸੀ ਸੀਨੀਅਰ, ਜਿਸ ਨੇ 1979 ’ਚ ਕੈਨੇਡਾ ਜਾਣ ਤੋਂ ਪਹਿਲਾਂ ਮੰਗਲੌਰ ’ਚ ਰਾਸ਼ਟਰੀ ਗ੍ਰੀਕੋ ਰੋਮਨ ਖਿਤਾਬ ਜਿੱਤਿਆ, ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਪਿੰਡ ਸੰਘਵਾਲ ਦਾ ਰਹਿਣ ਵਾਲਾ ਹੈ। ਰਾਸ਼ਟਰੀ ਮੁਕਾਬਲਿਆਂ ’ਚ ਹਿੱਸਾ ਲੈਣ ਤੋਂ ਇਲਾਵਾ ਉਹ ਦੰਗਲਾਂ ’ਚ ਵੀ ਇਕ ਜਾਣਿਆ-ਪਛਾਣਿਆ ਨਾਮ ਸੀ ਅਤੇ ਉਸ ਨੇ ਇੰਡੀਆ ’ਚ 50 ਤੋਂ ਵੱਧ ਦੰਗਲ ਜਿੱਤਣ ਤੋਂ ਇਲਾਵਾ ਰੁਸਤਮ-ਏ-ਹਿੰਦ ਦਾ ਖ਼ਿਤਾਬ ਵੀ ਜਿੱਤਿਆ ਸੀ। ਉਨ੍ਹਾਂ ਦੱਸਿਆ ਕਿ ਪਰਮਵੀਰ ਦਾ ਜਨਮ 1994 ’ਚ ਅਤੇ ਅਮਰਵੀਰ 1995 ’ਚ ਹੋਇਆ ਸੀ।