ਪੰਜਾਬ ਪੁਲੀਸ ਵੱਲੋਂ ਦਿੱਤੀ ਇਨਪੁੱਟ ’ਤੇ ਗੁਜਰਾਤ ਦੇ ਅੱਤਵਾਦ ਵਿਰੋਧੀ ਦਸਤੇ ਏ.ਟੀ.ਐੱਸ. ਨੇ ਕੱਛ ਜ਼ਿਲ੍ਹੇ ਦੇ ਮੁੰਦਰਾ ਬੰਦਰਗਾਹ ਨੇਡ਼ੇ ਇਕ ਕੰਟੇਨਰ ਤੋਂ ਕਰੀਬ 70 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ ਹੈ। ਇਸ ਫਡ਼ੀ ਗਈ ਹੈਰੋਇਨ ਦੀ ਕੀਮਤ 350 ਕਰੋਡ਼ ਰੁਪਏ ਹੈ। ਇਕ ਅਧਿਕਾਰੀ ਨੇ ਦੱਸਿਾ ਕਿ ਤਲਾਸ਼ੀ ਮੁਹਿੰਮ ਹਾਲੇ ਜਾਰੀ ਹੈ, ਇਸ ਲਈ ਜ਼ਬਤ ਕੀਤੇ ਗਏ ਸਾਮਾਨ ਦੀ ਮਾਤਰਾ ਅਤੇ ਕੀਮਤ ਵਧ ਸਕਦੀ ਹੈ। ਅਧਿਕਾਰੀ ਅਨੁਸਾਰ ਇਕ ਖਾਸ ਇਨਪੁਟ ਦੇ ਅਧਾਰ ’ਤੇ ਏ.ਟੀ.ਐੱਸ. ਨੇ ਇਕ ਸ਼ਿਪਿੰਗ ਕੰਟੇਨਰ ਦੀ ਤਲਾਸ਼ੀ ਲਈ, ਜੋ ਕਿ ਕੁਝ ਸਮਾਂ ਪਹਿਲਾਂ ਕਿਸੇ ਹੋਰ ਦੇਸ਼ ਤੋਂ ਆਇਆ ਸੀ ਅਤੇ ਬੰਦਰਗਾਹ ਦੇ ਬਾਹਰ ਇਕ ਮਾਲ ਸਪਲਾਈ ਕੇਂਦਰ ’ਚ ਰੱਖਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਕੰਟੇਨਰ ’ਚੋਂ ਕਰੀਬ 70 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਏ.ਟੀ.ਐੱਸ. ਅਤੇ ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ ਸਮੇਤ ਵੱਖ-ਵੱਖ ਰਾਜ ਅਤੇ ਕੇਂਦਰ ਸਰਕਾਰ ਦੀਆਂ ਏਜੰਸੀਆਂ ਨੇ ਹਾਲ ਹੀ ਦੇ ਦਿਨਾਂ ’ਚ ਦੂਜੇ ਦੇਸ਼ਾਂ ਤੋਂ ਗੁਜਰਾਤ ਬੰਦਰਗਾਹਾਂ ’ਤੇ ਪਹੁੰਚਣ ਵਾਲੇ ਸ਼ਿਪਿੰਗ ਕੰਟੇਨਰਾਂ ਤੋਂ ਕਰੋਡ਼ਾਂ ਰੁਪਏ ਦੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਹਨ। ਪੰਜਾਬ ਪੁਲੀਸ ਵਲੋਂ ਗੁਜਰਾਤ ਏ.ਟੀ.ਐੱਸ. ਨੂੰ ਜਾਣਕਾਰੀ ਦਿੱਤੀ ਗਈ ਸੀ, ਜਿਸ ਦੇ ਆਧਾਰ ’ਤੇ ਮੁੰਦਰਾ ਬੰਦਰਗਾਹ ਤੋਂ 75 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਪਿਛਲੇ ਸਾਲ ਸਤੰਬਰ ’ਚ ਮੁੰਦਰਾ ਬੰਦਰਗਾਹ ’ਤੇ 2 ਕੰਟੇਨਰਾਂ ਤੋਂ ਲਗਭਗ 3,000 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ ਸੀ, ਜੋ ਅਫਗਾਨਿਸਤਾਨ ਤੋਂ ਆਈ ਮੰਨੀ ਜਾਂਦੀ ਹੈ ਅਤੇ ਵਿਸ਼ਵ ਬਾਜ਼ਾਰਾਂ ‘ਚ ਇਸ ਦੀ ਕੀਮਤ ਲਗਭਗ 21,000 ਕਰੋਡ਼ ਰੁਪਏ ਸੀ।