ਕੈਲੀਫੋਰਨੀਆ ਸੂਬੇ ‘ਚ ਟਾਂਡਾ ਦੇ ਪਿੰਡ ਹਰਸੀਪਿੰਡ ਨਾਲ ਸਬੰਧਤ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਅਗਵਾ ਕਰਕੇ ਕਤਲ ਕਰਨ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੇ ਭਰਾ ਨੂੰ ਵੀ ਅਮਰੀਕਨ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ‘ਤੇ ਅਪਰਾਧਿਕ ਸਾਜ਼ਿਸ਼ ਰਚਣ ਅਤੇ ਸਬੂਤ ਮਿਟਾਉਣ ਦੇ ਦੋਸ਼ ਲੱਗੇ ਹਨ। ਇਹ ਜਾਣਕਾਰੀ ਜਾਂਚ ਕਰ ਰਹੇ ਮਰਸਡ ਕਾਉਂਟੀ ਸ਼ੈਰਿਫ ਦੇ ਦਫ਼ਤਰ ਨੇ ਆਪਣੇ ਫੇਸਬੁੱਕ ਪੇਜ ‘ਤੇ ਸ਼ੇਅਰ ਕੀਤੀ ਹੈ, ਜਿਸ ‘ਚ ਦੱਸਿਆ ਗਿਆ ਹੈ ਕਿ ਬੀਤੀ ਸ਼ਾਮ ਮਰਸਡ ਕਾਉਂਟੀ ਸ਼ੈਰਿਫ ਦੇ ਦਫ਼ਤਰ ਨੇ ਕੈਲੀਫੋਰਨੀਆ ਦੇ ਨਿਆਂ ਵਿਭਾਗ ਦੇ ਸਹਿਯੋਗ ਨਾਲ ਅਲਬਰਟੋ ਸਾਲਗਾਡੋ ਨੂੰ ਮਰਸਡ ਕਾਉਂਟੀ ‘ਚ ਗ੍ਰਿਫ਼ਤਾਰ ਕਰ ਲਿਆ। ਅਲਬਰਟੋ ਸਾਲਗਾਡੋ ਮੁੱਖ ਮੁਲਜ਼ਮ ਜੀਸਸ ਮੈਨੂਅਲ ਸਲਗਾਡੋ ਦਾ ਭਰਾ ਹੈ, ਜਿਸ ‘ਤੇ ਆਰੋਹੀ ਢੇਰੀ, ਜਸਲੀਨ ਕੌਰ, ਜਸਦੀਪ ਸਿੰਘ ਤੇ ਅਮਨਦੀਪ ਸਿੰਘ ਨੂੰ ਅਗਵਾ ਕਰਕੇ ਕਤਲ ਕਰਨ ਦਾ ਸ਼ੱਕ ਹੈ। ਅਲਬਰਟੋ ਸਾਲਗਾਡੋ ਨੂੰ ਅਪਰਾਧਿਕ ਸਾਜ਼ਿਸ਼, ਮਦਦ ਕਰਨ ਅਤੇ ਸਬੂਤ ਨਸ਼ਟ ਕਰਨ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਗੱਲ ਵੀ ਸਾਫ ਹੋ ਗਈ ਹੈ ਕਿ ਹੱਤਿਆ ਕਰਨ ਵਾਲਾ ਵਿਅਕਤੀ ਪਰਿਵਾਰ ਦੇ ਟਰੱਕਾਂ ਦੇ ਕਾਰੋਬਾਰ ਨਾਲ ਜੁੜਿਆ ਤੇ ਉਨ੍ਹਾਂ ਲਈ ਕੰਮ ਵੀ ਕਰਦਾ ਰਿਹਾ ਸੀ। ਪੀੜਤ ਪਰਿਵਾਰ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਹ ਉਨ੍ਹਾਂ ਦੀ ਕੰਪਨੀ ਦਾ ਟਰੱਕ ਚਲਾਉਂਦਾ ਰਿਹਾ ਹੈ। ਪਰਿਵਾਰ ਦਾ ਉਸ ਨਾਲ ਝਗੜਾ ਹੋ ਗਿਆ ਸੀ ਤੇ ਉਸ ਨੇ ਕੰਮ ਛੱਡ ਦਿੱਤਾ। ਇਕ ਰਿਸ਼ਤੇਦਾਰ ਨੇ ਦੱਸਿਆ ਹੈ ਕਿ ਮੁਲਜ਼ਮ ਦਾ ਪਰਿਵਾਰ ਨਾਲ ਲੰਮੇ ਸਮੇਂ ਤੋਂ ਝਗੜਾ ਸੀ ਤੇ ਮਗਰੋਂ ਤਕਰਾਰ ਕਾਫ਼ੀ ਵਧ ਗਈ ਸੀ। ਇਹੀ ਕਤਲ ਦਾ ਕਾਰਨ ਬਣਿਆ ਹੈ। ਉਨ੍ਹਾਂ ਦੱਸਿਆ ਕਿ ਅੱਠ ਮਹੀਨਿਆਂ ਦੀ ਬੱਚੀ ਨੂੰ ਉਸ ਨੇ ਵਾਰਦਾਤ ਮਗਰੋਂ ਮ੍ਰਿਤਕਾਂ ਕੋਲ ਹੀ ਛੱਡ ਦਿੱਤਾ ਤੇ ਉਸ ਦੀ ਮੌਤ ਮਗਰੋਂ ਹੋਰ ਕਾਰਨਾਂ ਕਰ ਕੇ ਹੋਈ ਹੈ। ਪਰਿਵਾਰ ਨੂੰ ਉਨ੍ਹਾਂ ਦੇ ਟਰੱਕਿੰਗ ਕਾਰੋਬਾਰ ਦੇ ਦਫ਼ਤਰ ਤੋਂ ਹੀ ਅਗਵਾ ਕੀਤਾ ਗਿਆ ਸੀ ਤੇ ਇਸ ਦੀ ਇਕ ਵੀਡੀਓ ਵੀ ਪੁਲੀਸ ਨੇ ਰਿਲੀਜ਼ ਕੀਤੀ ਸੀ। ਮੁਲਜ਼ਮ ਜੀਸਸ ਮੈਨੁਏਲ ਸੈਲਗਾਡੋ (48) ਨੂੰ ਪੁਲੀਸ ਨੇ ਵੀਰਵਾਰ ਹੱਤਿਆ ਤੇ ਅਗਵਾ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕਰ ਲਿਆ ਸੀ।