ਜਗਰਾਉਂ ‘ਚ ਛੇ ਕਰੋੜ ਦੀ ਲਾਗਤ ਨਾਲ ਬਣੇ ਜੱਚਾ-ਬੱਚਾ ਕੇਂਦਰ ਦਾ ਉਦਘਾਟਨ ਕਰਨ ਪੁੱਜੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜਗਰਾਉਂ ਮੂੰਗੀ ਦੀ ਹੱਬ ਬਣ ਚੁੱਕਿਆ ਹੈ ਅਤੇ ਮੂੰਗੀ ਦੇ ਅਗਲੇ ਸੀਜ਼ਨ ਸਮੇਂ ਇਸ ਫ਼ਸਲ ‘ਤੇ ਐੱਮਐੱਸਪੀ ਦਾ ਅਗਾਊਂ ਐਲਾਨ ਕਰ ਦਿੱਤਾ ਜਾਵੇਗਾ ਤਾਂ ਜੋ ਕਿਸਾਨ ਇਸ ਨੂੰ ਬਦਲਵੀਂ ਫ਼ਸਲ ਵਜੋਂ ਅਪਣਾ ਸਕਣ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਸੁਪਨਾ ਪੰਜਾਬ ਨੂੰ ਮੈਡੀਕਲ ਹੱਬ ਬਣਾਉਣ ਦਾ ਹੈ। ਇਸ ਲਈ ਪਹਿਲੇ ਛੇ ਮਹੀਨੇ ‘ਚ ਹੀ ਕੋਸ਼ਿਸ਼ਾਂ ਆਰੰਭ ਦਿੱਤੀਆਂ ਹਨ। ਪੰਜਾਬ ਦੇ 23 ਜ਼ਿਲ੍ਹਿਆਂ ‘ਚ ਇਸ ਸਮੇਂ 9 ਮੈਡੀਕਲ ਕਾਲਜ ਹਨ ਜਦਕਿ 16 ਹੋਰ ਬਣਾਉਣੇ ਹਨ। ਸੰਗਰੂਰ ਜ਼ਿਲ੍ਹੇ ‘ਚ ਮਸਤੂਆਣਾ ਸਾਹਿਬ ਵਿਖੇ ਮੈਡੀਕਲ ਕਾਲਜ ਖੁੱਲ੍ਹਣ ਜਾ ਰਿਹਾ ਹੈ। ਇਸੇ ਲੜੀ ‘ਚ ਕਪੂਰਥਲਾ ਤੇ ਹੁਸ਼ਿਆਰਪੁਰ ‘ਚ ਮੈਡੀਕਲ ਕਾਲਜ ਖੋਲ੍ਹਣ ਲਈ ਨਕਸ਼ੇ ਬਣ ਚੁੱਕੇ ਹਨ। ਖੋਲ੍ਹੇ ਗਏ ਜੱਚਾ-ਬੱਚਾ ਹਸਪਤਾਲ ‘ਚ ਸਟਾਫ਼ ਦੀ ਘਾਟ ਬਾਰੇ ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਦੇ ਜਵਾਬ ‘ਚ ਉਨ੍ਹਾਂ ਕਿਹਾ ਕਿ ਸਟਾਫ਼ ਪੂਰਾ ਹੋਵੇਗਾ ਕਿਉਂਕਿ ਸਰਕਾਰ ਜਲਦ ਹੀ ਸਿਹਤ ਮਹਿਕਮੇ ‘ਚ ਨਵੀਂਆਂ ਭਰਤੀਆਂ ਕਰਨ ਜਾ ਰਹੀ ਹੈ। ਉਨ੍ਹਾਂ ਪ੍ਰਸ਼ਾਸਨ ਨੂੰ ਅੱਜ ਖੁੱਲ੍ਹੇ ਆਧੁਨਿਕ ਕਿਸਮ ਦੇ ਬਿਹਤਰੀਨ ਜੱਚਾ ਬੱਚਾ ਹਸਪਤਾਲ ਦੇ ਸਾਜ਼ੋ ਸਾਮਾਨ ਦੇ ਸਾਂਭ ਸੰਭਾਲ ਦੀ ਤਾਕੀਦ ਕਰਦਿਆਂ ਕਿਹਾ ਕਿ ਉਹ ਕਿਸੇ ਵੀ ਸਮੇਂ ਚੈੱਕ ਕਰਨ ਆ ਸਕਦੇ ਹਨ। ਇਸ ਲਈ ਕਿਤੇ ਇਹ ਕਬੂਤਰਾਂ ਦਾ ਘਰ ਬਣ ਕੇ ਨਾ ਰਹਿ ਜਾਵੇ। ਮੁੱਖ ਮੰਤਰੀ ਨੇ ਕਿਹਾ ਕਿ ਅਕਸਰ ਸੁਣਦੇ ਹੁੰਦਾ ਸਾਂ ਕਿ ਸੜਕ ‘ਤੇ ਬੱਚਾ ਪੈਦਾ ਹੋਇਆ ਜਾਂ ਜਨਮ ਦੇਣ ਵੇਲੇ ਮਾਂ ਦੀ ਮੌਤ ਹੋਈ, ਇਹ ਸਭ ਪੁਰਾਣੇ ਜ਼ਮਾਨੇ ਦੀਆਂ ਗੱਲਾਂ ਹਨ। ਹੁਣ ਜਗਰਾਉਂ ਵਰਗੇ ਆਧੁਨਿਕ ਕਿਸਮ ਦੀਆਂ ਸਹੂਲਤਾਂ ਨਾਲ ਲੈਸ ਜੱਚਾ ਬੱਚਾ ਹਸਪਤਾਲ ਖੋਲ੍ਹ ਰਹੇ ਹਾਂ। ਸਰਕਾਰ ਦੀਆਂ ਸੱਤ ਮਹੀਨੇ ਦੀਆਂ ਪ੍ਰਾਪਤੀਆਂ ਗਿਣਾਉਂਦੇ ਹੋਏ ਉਨ੍ਹਾਂ ਕਿਹਾ ਕਿ ਮੁਫ਼ਤ ਬਿਜਲੀ ਦੀ ਸਹੂਲਤ ਤਹਿਤ 50 ਲੱਖ ਘਰਾਂ ਦੇ ਜ਼ੀਰੋ ਬਿੱਲ ਆਏ ਹਨ। ਸਰਦੀਆਂ ‘ਚ ਇਹ ਅੰਕੜਾ ਹੋ ਵਧਣ ਜਾ ਰਿਹਾ ਹੈ। ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ, 30 ਹਜ਼ਾਰ ਸਰਕਾਰੀ ਨੌਕਰੀਆਂ ਕੱਢੀਆਂ, ਹੈਲਪਲਾਈਨ ਰਾਹੀਂ ਸਵਾ ਦੋ ਸੌ ਭ੍ਰਿਸ਼ਟਾਚਾਰੀ ਫੜੇ ਗਏ, 100 ਦੇ ਕਰੀਬ ਮੁਹੱਲਾ ਕਲੀਨਿਕ 75ਵੇਂ ਆਜ਼ਾਦੀ ਦਿਵਸ ‘ਤੇ ਖੋਲ੍ਹੇ ਤੇ ਹੋਰ ਬਣ ਰਹੇ ਹਨ। ਉਨ੍ਹਾਂ ਕਿਹਾ ਕਿ 9 ਹਜ਼ਾਰ 53 ਏਕੜ ਰਸੂਖ਼ਵਾਨਾਂ ਤੋਂ ਛੁਡਵਾਈ। ਇਸ ‘ਚ 7800 ਏਕੜ ਪੰਚਾਇਤੀ ਜ਼ਮੀਨ ਸੀ ਜਿਸ ‘ਚੋਂ ਤੀਜਾ ਹਿੱਸਾ ਅਨੁਸੂਚਿਤ ਜਾਤੀ ਵਾਲਿਆਂ ਨੂੰ ਹੁਣ ਠੇਕੇ ‘ਤੇ ਮਿਲਿਆ ਕਰੇਗੀ। ਉਨ੍ਹਾਂ ਕਿਹਾ ਕਿ ਜਗਰਾਉਂ ਲਾਲਾ ਲਾਜਪਤ ਰਾਏ ਦੀ ਧਰਤੀ ਹੈ ਜਿਨ੍ਹਾਂ ਨੇ ਆਜ਼ਾਦੀ ਲੈ ਕੇ ਦਿੱਤੀ ਉਨ੍ਹਾਂ ਨੂੰ ਯਾਦ ਕਰਨਾ ਤੇ ਯਾਦਗਾਰਾਂ ਬਣਾਉਣਾ ਸਾਡਾ ਫਰਜ਼ ਹੈ।