ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਬਹੂਰੀਆਂ ਸੈਣੀਆਂ ਤੋਂ ਕੈਨੇਡਾ ਆਏ ਪਰਿਵਾਰ ਦਾ ਲਡ਼ਕਾ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੀ ਅੰਡਰ-18 ਹਾਕੀ ਟੀਮ ਦਾ ਕਪਤਾਨ ਨਿਯੁਕਤ ਹੋਇਆ ਹੈ। ਇਸ ਦੀ ਜਾਣਕਾਰੀ ਦਿੰਦਿਆਂ ਹਾਕੀ ਖਿਡਾਰੀ ਸੁਖਮਨਪ੍ਰੀਤ ਸਿੰਘ ਦੇ ਪਿਤਾ ਲੱਡੂ ਸਿੰਘ ਖ਼ਾਲਸਾ ਅਤੇ ਮਾਤਾ ਅਰਵਿੰਦਰ ਕੌਰ ਸੋਨੀ ਨੇ ਦੱਸਿਆ ਕਿ ਉਸ ਦਾ ਪੁੱਤਰ ਸੁਖਮਨਪ੍ਰੀਤ ਸਿੰਘ ਹਾਕੀ ਕੋਚ ਗੁਰਵਿੰਦਰ ਸਿੰਘ ਦੀ ਦੇਖ ਰੇਖ ’ਚ ਸਖ਼ਤ ਮਿਹਨਤ ਕਰਨ ਸਦਕਾ ਹਾਕੀ ਟੀਮ ਦਾ ਕਪਤਾਨ ਚੁਣਿਆ ਗਿਆ ਹੈ। ਉਸ ਦਾ ਪੁੱਤਰ ਕੈਨੇਡਾ ’ਚ ਹੋਣ ਜਾ ਰਹੀ (ਅੰਡਰ 18 ਸਾਲ) ਫ਼ੀਲਡ ਹਾਕੀ ਨੈਸ਼ਨਲ ਚੈਂਪੀਅਨਸ਼ਿਪ ’ਚ ਭਾਗ ਲੈਣ ਵਾਲੀ ਬ੍ਰਿਟਿਸ਼ ਕੋਲੰਬੀਆ ਦੀ ਅੰਡਰ 18 ਹਾਕੀ ਟੀਮ ਦੀ ਕਪਤਾਨੀ ਕਰੇਗਾ। ਇਹ ਟੂਰਨਾਮੈਂਟ ਬ੍ਰਿਟਿਸ਼ ਕੋਲੰਬੀਆ ਦੇ ਸੰਘਣੀ ਪੰਜਾਬੀ ਆਬਾਦੀ ਵਾਲੇ ਸ਼ਹਿਰ ਸਰੀ ਵਿਖੇ 30 ਜੁਲਾਈ ਤੋ 3 ਅਗਸਤ ਤੱਕ ਚੱਲੇਗਾ। ਇਹ ਗੱਲ ਪੰਜਾਬੀਆਂ ਅਤੇ ਉਨ੍ਹਾਂ ਦੇ ਪਰਿਵਾਰ ਲਈ ਬਹੁਤ ਮਾਨ ਵਾਲੀ ਹੈ। ਦੱਸਣਯੋਗ ਹੈ ਕਿ ਸੁਖਮਨਪ੍ਰੀਤ ਸਿੰਘ ਦਾ ਦਾਦਕਾ ਪਿੰਡ ਬੂਰੀਆਂ ਸੈਣੀਆਂ ਜ਼ਿਲ੍ਹਾ ਗੁਰਦਾਸਪੁਰ ਹੈ।