ਕਾਂਗਰਸ ਸਰਕਾਰ ਸਮੇਂ ਦੇ ਦੋ ਤਾਕਤਵਾਰ ਮੰਤਰੀਆਂ, ਜਿਹੜੇ ਪਹਿਲਾਂ ਹੀ ਵਿਜੀਲੈਂਸ ਵੱਲੋਂ ਘੁਟਾਲੇ ‘ਚ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਜਾਂਚ ਦਾ ਸਾਹਮਣਾ ਕਰ ਰਹੇ ਹਨ, ਦੀਆਂ ਮੁਸ਼ਕਿਲਾਂ ਹੋਰ ਵਧ ਸਕਦੀਆਂ ਹਨ। ਇਸ ਦਾ ਕਾਰਨ ਹੈ ਕਿ ਜੰਗਲਾਤ ਘੁਟਾਲੇ ‘ਚ ਹੁਣ ਕੇਂਦਰ ਦੀ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੀ ਵੀ ਐਂਟਰੀ ਹੋ ਗਈ ਹੈ। ਇਸ ਨਾਲ ਸਾਧੂ ਸਿੰਘ ਧਰਮਸੋਤ ਤੇ ਸੰਗਤ ਸਿੰਘ ਗਿਲਜੀਆਂ ਤੋਂ ਇਲਾਵਾ ਕੁਝ ਹੋਰ ਸਾਬਕਾ ਕਾਂਗਰਸੀ ਮੰਤਰੀ ਤੇ ਹੋਰਨਾਂ ਨੂੰ ਵੀ ਸੇਕ ਲੱਗ ਸਕਦਾ ਹੈ। ਦੂਜੇ ਪਾਸੇ ਲੁਧਿਆਣਾ ਵਾਲੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਬਹੁਕਰੋੜ ਘੁਟਾਲੇ ‘ਚ ਚੱਲ ਰਹੀ ਜਾਂਚ ਦੌਰਾਨ ਉਨ੍ਹਾਂ ਦਾ ਡੁਬਈ ਕੁਨੈਕਸ਼ਨ ਵੀ ਸਾਹਮਣੇ ਆ ਰਿਹਾ ਹੈ। ਵਿਜੀਲੈਂਸ ਬਿਊਰੋ ਨੂੰ ਅਜਿਹੇ ਸਬੂਤ ਮਿਲੇ ਹਨ ਕਿ ਆਸ਼ੂ ਦਾ ਡੁਬਈ ‘ਚ ਇਕ ਹੋਟਲ ਵੀ ਹੈ। ਵਿਜੀਲੈਂਸ ਅਧਿਕਾਰੀਆਂ ਮੁਤਾਬਕ ਈ.ਡੀ. ਵੱਲੋਂ ਜੰਗਲਾਤ ਘੁਟਾਲੇ ‘ਚ ਦਰਜ ਐੱਫ.ਆਈ.ਆਰ. ਦੀ ਕਾਪੀ ਮੰਗੀ ਗਈ ਹੈ। ਇਸ ਦੇ ਨਾਲ ਨਾਲ ਮਾਮਲੇ ‘ਚ ਹੁਣ ਤਕ ਵਿਜੀਲੈਂਸ ਬਿਊਰੋ ਵੱਲੋਂ ਕੀਤੀ ਗਈ ਜਾਂਚ ਤੇ ਗ੍ਰਿਫ਼ਤਾਰੀਆਂ ਦਾ ਵੇਰਵਾ ਦੇਣ ਨੂੰ ਕਿਹਾ ਗਿਆ ਹੈ। ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪਿਛਲੀ ਕਾਂਗਰਸ ਸਰਕਾਰ ‘ਚ ਸਾਧੂ ਸਿੰਘ ਧਰਮਸੋਤ ਜੰਗਲਾਤ ਮੰਤਰੀ ਸਨ। ਇਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਸਰਕਾਰ ਬਣੀ। ਚੰਨੀ ਨੇ ਸੰਗਤ ਸਿੰਘ ਗਿਲਜੀਆਂ ਨੂੰ ਜੰਗਲਾਤ ਵਿਭਾਗ ਦੀ ਜ਼ਿੰਮੇਵਾਰੀ ਸੌਂਪੀ। ਦੋਵਾਂ ਸਾਬਕਾ ਮੰਤਰੀਆਂ ਦੇ ਕਾਰਜਕਾਲ ਦੌਰਾਨ ਜੰਗਲਾਤ ਵਿਭਾਗ ‘ਚ ਭ੍ਰਿਸ਼ਟਾਚਾਰ ਹੋਇਆ। ਸਾਧੂ ਸਿੰਘ ਧਰਮਸੇਤ ਭ੍ਰਿਸ਼ਟਾਚਾਰ ਦੇ ਕੇਸ ‘ਚ ਜੇਲ੍ਹ ‘ਚ ਹੈ, ਜਦੋਂਕਿ ਸੰਗਤ ਸਿੰਘ ਗਿਲਜੀਆਂ ਇਸ ਕੇਸ ‘ਚ ਜ਼ਮਾਨਤ ਲੈ ਚੁੱਕੇ ਹਨ। ਵਿਜੀਲੈਂਸ ਵੱਲੋਂ ਸੰਗਤ ਸਿੰਘ ਗਿਲਜੀਆਂ ਦੇ ਭਤੀਜੇ ਨੂੰ ਵੀ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਗ੍ਰਿਫਤਾਰ ਕੀਤਾ ਗਿਆ ਸੀ, ਜੋ ਇਸ ਸਮੇਂ ਜੇਲ੍ਹ ‘ਚ ਹੈ। ਪੰਜਾਬ ਦੇ ਅਨਾਜ ਢੋਆ-ਢੁਆਈ ਘੁਟਾਲੇ ਦੀ ਚੱਲ ਰਹੀ ਜਾਂਚ ਦੌਰਾਨ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਡੁਬਈ ਕੁਨੈਕਸ਼ਨ ਦਾ ਪਤਾ ਲਗਾਇਆ ਜਾ ਰਿਹਾ ਹੈ। ਡੁਬਈ ‘ਚ ਬਣੇ ਹੋਟਲ ਦੀ ਜਾਂਚ ‘ਚ ਵਿਜੀਲੈਂਸ ਦੀ ਜਾਂਚ ਸ਼ੁਰੂ ਹੋ ਗਈ ਹੈ। ਦੱਸਿਆ ਜਾਂਦਾ ਹੈ ਕਿ ਇਸ ਹੋਟਲ ‘ਚ ਲੁਧਿਆਣਾ ਦੇ ਇੱਕ ਮਸ਼ਹੂਰ ਨਿਵੇਸ਼ਕ ਦਾ ਪੈਸਾ ਲਗਾਇਆ ਗਿਆ ਹੈ ਤੇ ਉਹ ਸਾਬਕਾ ਕੈਬਨਿਟ ਮੰਤਰੀ ਦੇ ਕਰੀਬੀ ਰਹੇ ਹਨ। ਵਿਜੀਲੈਂਸ ਵੱਲੋਂ ਲੁਧਿਆਣਾ ‘ਚ ਬਣੀਆਂ 40 ਦੇ ਕਰੀਬ ਇਮਾਰਤਾਂ ਦੀ ਪਹਿਲਾਂ ਹੀ ਜਾਂਚ ਕੀਤੀ ਜਾ ਰਹੀ ਹੈ ਤੇ ਇਹ ਜਾਂਚ ਦੇਸ਼ ਤੋਂ ਬਾਹਰ ਵੀ ਪਹੁੰਚ ਸਕਦੀ ਹੈ। ਵਿਜੀਲੈਂਸ ਦੇ ਐੱਸ.ਐੱਸ.ਪੀ. ਰਵਿੰਦਰਪਾਲ ਸਿੰਘ ਸੰਧੂ ਖੁਦ ਕਰ ਰਹੇ ਹਨ। ਇੰਨਾ ਹੀ ਨਹੀਂ ਵਿਜੀਲੈਂਸ ਦੀ ਚੈਕਿੰਗ ਸ਼ਹਿਰ ਦੇ ਚੰਡੀਗੜ੍ਹ ਰੋਡ ‘ਤੇ ਚੱਲ ਰਹੇ ਵੱਡੇ ਰਿਹਾਇਸ਼ੀ ਪ੍ਰਾਜੈਕਟ ਤੱਕ ਵੀ ਪਹੁੰਚ ਸਕਦੀ ਹੈ। ਵਿਜੀਲੈਂਸ ਕਿਸੇ ਵੇਲੇ ਵੀ ਇਸ ‘ਚ ਲੱਗੇ ਪੈਸੇ ਦੀ ਜਾਂਚ ਸ਼ੁਰੂ ਕਰ ਸਕਦੀ ਹੈ।