ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਸ਼ਨਿਚਰਵਾਰ ਵਿਆਹ ਦੇ ਬੰਧਨ ‘ਚ ਬੱਝ ਗਏ। ਉਨ੍ਹਾਂ ਆਈ.ਪੀ.ਐੱਸ. ਅਧਿਕਾਰੀ ਜੋਤੀ ਯਾਦਵ ਨਾਲ ਵਿਆਹ ਕਰਵਾਇਆ ਹੈ ਜੋ ਇਸ ਸਮੇਂ ਪੰਜਾਬ ਪੁਲੀਸ ‘ਚ ਮਾਨਸਾ ਹੈੱਡਕੁਆਰਟਰ ਵਿਖੇ ਪੁਲੀਸ ਕਪਤਾਨ ਵਜੋਂ ਤਾਇਨਾਤ ਹਨ। ਸੁਭਾਗੀ ਜੋੜੀ ਦਾ ਅਨੰਦ ਕਾਰਜ ਨੰਗਲ ਨੇੜਲੇ ਗੁਰਦੁਆਰਾ ਸ੍ਰੀ ਬਿਭੋਰ ਸਾਹਿਬ ਵਿਖੇ ਪੂਰਨ ਗੁਰ ਮਰਿਯਾਦਾ ਅਨੁਸਾਰ ਸੰਪਨ ਹੋ ਗਿਆ। ਉਨ੍ਹਾਂ ਦੇ ਅਨੰਦ ਕਾਰਜ ਸ਼ਨਿਚਰਵਾਰ ਸਵੇਰੇ 8 ਵਜੇ ਸ਼ੁਰੂ ਹੋਣਾ ਸੀ ਪਰ ਮੀਂਹ ਕਰਕੇ ਕੁਝ ਦੇਰੀ ਨਾਲ ਹੋਇਆ। ਵਿਆਹ ਦੀਆਂ ਰਸਮਾਂ ‘ਚ ਸਿਰਫ਼ ਪਰਿਵਾਰਕ ਮੈਂਬਰਾਂ ਨੇ ਹੀ ਸ਼ਮੂਲੀਅਤ ਕੀਤੀ। ਕੈਬਨਿਟ ਮੰਤਰੀ ਬੈਂਸ ਅਤੇ ਜੋਤੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਨੰਗਲ ਦੇ ਇਤਿਹਾਸਕ ਰੈਸਟ ਹਾਊਸ ਸਤਲੁਜ ਸਦਨ ਵਿਖੇ ਪਹੁੰਚੇ ਜਿੱਥੇ ਸਖ਼ਤ ਸੁਰੱਖਿਆ ਵਿਚਕਾਰ ਮਹਿਮਾਨਾਂ ਦੇ ਖਾਣ-ਪੀਣ ਦਾ ਪ੍ਰਬੰਧ ਕੀਤਾ ਗਿਆ ਸੀ। ਸਤਲੁਜ ਸਦਨ ‘ਚ ਮੀਡੀਆ ਨੂੰ ਪ੍ਰਵੇਸ਼ ਦੀ ਇਜਾਜ਼ਤ ਨਹੀਂ ਸੀ। ਸਵੇਰੇ ਮੌਸਮ ਵੀ ਕਾਫੀ ਖਰਾਬ ਸੀ ਪਰ ਬਾਅਦ ‘ਚ ਖਾਣ-ਪੀਣ ਦੇ ਪ੍ਰੋਗਰਾਮ ਸਮੇਂ ਧੁੱਪ ਨਿਕਲ ਚੁੱਕੀ ਸੀ। ਬਾਅਦ ‘ਚ ਨੰਗਲ ਵਿਖੇ ਵਿਆਹ ਦੀ ਪਾਰਟੀ ਦਾ ਪ੍ਰੋਗਰਾਮ ਰੱਖਿਆ ਗਿਆ ਜਿਥੇ ਵੱਡੀ ਗਿਣਤੀ ਵੀ.ਆਈ.ਪੀ. ਅਤੇ ਹੋਰ ਮਹਿਮਾਨ ਸ਼ਾਮਲ ਹੋਏ। ਜੋਤੀ ਯਾਦਵ ਦਾ ਸਬੰਧ ਹਰਿਆਣਾ ਦੇ ਗੁਰੂਗ੍ਰਾਮ ਨਾਲ ਹੈ ਜਿਥੇ ਉਨ੍ਹਾਂ ਦੇ ਮਾਪੇ ਰਹਿੰਦੇ ਹਨ, ਜਦਕਿ ਸ੍ਰੀ ਆਨੰਦਪੁਰ ਸਾਹਿਬ ਨਾਲ ਸਬੰਧਤ ਬੈਂਸ ਇਥੋਂ ਵਿਧਾਇਕ ਬਣਨ ਮਗਰੋਂ ਮੰਤਰੀ ਬਣੇ ਹਨ। ਪਹਿਲਾਂ ਉਹ ਜੇਲ੍ਹ ਮੰਤਰੀ ਸਨ ਅਤੇ ਹੁਣ ਸਿੱਖਿਆ ਮੰਤਰੀ ਹਨ। ਆਨੰਦ ਕਾਰਜ ‘ਚ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧੂ ਸਮੇਤ ਕੁਝ ਵਿਧਾਇਕ ਵੀ ਹਾਜ਼ਰ ਸਨ।