ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਖਿਆ ਹੈ ਕਿ ਪੰਜਾਬ ‘ਚ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਹੈ ਅਤੇ ਅਮਨ ਕਾਨੂੰਨ ਦੀ ਵਿਗੜੀ ਸਥਿਤੀ ਕਰਕੇ ਲੋਕ ਸਹਿਮੇ ਹੋਏ ਹਨ। ਨਾਲ ਹੀ ਉਨ੍ਹਾਂ ਕਿਹਾ ਕਿ ਬੀਬੀ ਜਗੀਰ ਕੌਰ ਕੇਂਦਰ ਸਰਕਾਰ ਦੇ ਇਸ਼ਾਰੇ ‘ਤੇ ਚੱਲ ਰਹੇ ਹਨ ਜਦਕਿ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ‘ਚ ਲੰਬਾ ਸਮਾਂ ਸੇਵਾ ਕੀਤੀ ਹੈ। ਉਹ ਬੀਬੀ ਜਗੀਰ ਨੂੰ ਦੱਸਣਾ ਚਾਹੁੰਦੇ ਹਨ ਕਿ ਉਹ ਕੇਂਦਰ ਸਰਕਾਰ ਦੀ ਸ਼ਹਿ ‘ਤੇ ਸ਼੍ਰੋਮਣੀ ਅਕਾਲੀ ਦਲ ਦਾ ਨੁਕਸਾਨ ਨਾ ਕਰਨ। ਸੁਖਬੀਰ ਨੇ ਆਖਿਆ ਕਿ ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਾ ਉਮੀਦਵਾਰ ਐਲਾਨ ਦਿੱਤਾ ਹੈ ਤੇ ਜਗੀਰ ਕੌਰ ਉਮੀਦਵਾਰ ਦੀ ਮਦਦ ਕਰਨ। ਪਟਿਆਲਾ ‘ਚ ਮੀਡੀਆ ਨਾਲ ਗੱਲਬਾਤ ਕਰਦਿਆਂ ਸੁਖਬੀਰ ਨੇ ਕਿਹਾ ਕਿ ਬੀਬੀ ਜਗੀਰ ਕੌਰ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਐਨਾ ਕੁਝ ਦਿੱਤਾ ਹੈ ਜਿੰਨਾ ਪਾਰਟੀ ਦੇ ਹੋਰ ਆਗੂਆਂ ਦੇ ਹਿੱਸੇ ਨਹੀਂ ਆਇਆ ਪਰ ਫਿਰ ਵੀ ਉਹ ਅਕਾਲੀ ਦਲ ਦਾ ਨੁਕਸਾਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਅਮਨ ਕਾਨੂੰਨ ਦੀ ਵਿਵਸਥਾ ਖ਼ਤਮ ਹੋ ਚੁੱਕੀ ਹੈ। ਮੁੱਖ ਮੰਤਰੀ ਗੁਜਰਾਤ ਤੇ ਹਿਮਾਚਲ ‘ਚ ਲੋਕਾਂ ਨੂੰ ਗੁਮਰਾਹ ਕਰਨ ਲੱਗੇ ਹਨ। ਕੇਜਰੀਵਾਲ ਪੰਜਾਬ ਦੇ ਖ਼ਜ਼ਾਨੇ ਨੂੰ ਵਰਤ ਕੇ ਆਪਣੀ ਪਾਰਟੀ ਨੂੰ ਤਕੜਾ ਕਰ ਰਹੇ ਹਨ। ਸਾਬਕਾ ਉੱਪ ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ‘ਆਪ’ ਦੇ ਮੰਤਰੀਆਂ ਤੇ ਵਿਧਾਇਕਾਂ ‘ਤੇ ਦੋਸ਼ ਲੱਗਦੇ ਹਨ ਤਾਂ ਇਹ ਜਾਂਚ ਕਰਨ ਦਾ ਡਰਾਮਾ ਕਰਦੇ ਹਨ। ਮੰਤਰੀ ਫੌਜਾ ਸਿੰਘ ਸਰਾਰੀ ਦੀ ਭ੍ਰਿਸ਼ਟਾਚਾਰ ਦੀ ਆਡੀਓ ਸਾਹਮਣੇ ਆ ਗਈ ਹੈ ਪਰ ਉਸ ਖ਼ਿਲਾਫ਼ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ। ਅੰਮ੍ਰਿਤਸਰ ‘ਚ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੇ ਕਤਲ ‘ਤੇ ਦੁੱਖ ਜ਼ਾਹਿਰ ਕਰਿਦਆਂ ਉਨ੍ਹਾਂ ਕਿਹਾ ਕਿ ਅਕਾਲੀ ਦਲ ਹਮੇਸ਼ਾ ਸ਼ਾਂਤੀ ਤੇ ਫਿਰਕੂ ਸਦਭਾਵਨਾ ਦਾ ਮੁਦੱਈ ਰਿਹਾ ਹੈ ਤੇ 1997 ਤੋਂ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀਆਂ ਸਰਕਾਰਾਂ ਲਈ ਇਹ ਮੁੱਦਾ ਉੱਚ ਤਰਜੀਹ ਰਿਹਾ ਹੈ। ਅੰਮ੍ਰਿਤਸਰ ‘ਚ ਵਾਪਰੀ ਘਟਨਾ ਫਿਰ ਚੇਤੇ ਕਰਵਾਉਂਦੀ ਹੈ ਕਿ ਪੰਜਾਬ ‘ਚ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਹੈ। ਉਨ੍ਹਾਂ ਆਖਿਆ ਕਿ ਪੰਜਾਬ ਦੇ ਹੁਕਮਰਾਨ ਆਪਣੀ ਸਿਆਸਤ ਚਮਕਾਉਣ ਤੋਂ ਥੋੜ੍ਹਾ ਟਾਈਮ ਕੱਢ ਕੇ ਸ਼ਾਂਤੀ ਕਾਇਮ ਰੱਖਣ ਅਤੇ ਅਹਿਮ ਕੰਮਾਂ ਵੱਲ ਧਿਆਨ ਦੇਣ।