1989 ਬੈਚ ਦੇ ਆਈ.ਏ.ਐੱਸ. ਅਧਿਕਾਰੀ ਨੂੰ ਪੰਜਾਬ ਸਰਕਾਰ ਨੇ ਵੱਡੇ ਪ੍ਰਸ਼ਾਸਕੀ ਫੇਰਬਦਲ ਦੌਰਾਨ ਸੂਬੇ ਦੇ ਮੁੱਖ ਸਕੱਤਰ ਨਿਯੁਕਤ ਕੀਤਾ ਹੈ। ਉਹ 1990 ਬੈਚ ਦੇ ਆਈ.ਏ.ਐੱਸ. ਅਧਿਕਾਰੀ ਅਨਿਰੁੱਧ ਤਿਵਾਡ਼ੀ ਦੀ ਥਾਂ ਲੈਣਗੇ ਜਿਨ੍ਹਾਂ ਨੂੰ ਮੁੱਖ ਸਕੱਤਰ ਦੇ ਅਹੁਦੇ ਤੋਂ ਹਟਾਇਆ ਗਿਆ ਹੈ। ਇਸ ਵੱਡੀ ਪ੍ਰਸ਼ਾਸਕੀ ਤਬਦੀਲੀ ਤੋਂ ਪ੍ਰਸ਼ਾਸਕੀ ਤੇ ਰਾਜਸੀ ਹਲਕੇ ਹੈਰਾਨ ਹਨ। ਸੂਬੇ ’ਚ ‘ਆਪ’ ਸਰਕਾਰ ਦੇ ਹੋਂਦ ’ਚ ਆਉਣ ਤੋਂ ਬਾਅਦ ਪਿਛਲੇ ਦਿਨਾਂ ਦੌਰਾਨ ਦੋ ਵੱਡੀਆਂ ਤਬਦੀਲੀਆਂ ਕੀਤੀਆਂ ਗਈਆਂ ਹਨ। ਸਰਕਾਰ ਨੇ ਇਕ ਦਿਨ ਪਹਿਲਾਂ ਹੀ ਵੀ.ਕੇ. ਭਾਵਡ਼ਾ ਨੂੰ ਡੀ.ਜੀ.ਪੀ. ਦੇ ਅਹੁਦੇ ਤੋਂ ਛੁੱਟੀ ’ਤੇ ਘੱਲ ਕੇ ਗੌਰਵ ਯਾਦਵ ਦੀ ਨਿਯੁਕਤੀ ਕੀਤੀ ਸੀ ਤੇ ਇਕ ਦਿਨ ਬਾਅਦ ਹੀ ਮੁੱਖ ਸਕੱਤਰ ਦਾ ਤਬਾਦਲਾ ਕਰ ਦਿੱਤਾ ਹੈ। ਤਿਵਾਡ਼ੀ ਦੀ ਨਿਯੁਕਤੀ ਕਾਂਗਰਸ ਸਰਕਾਰ ਦੇ ਸਮੇਂ ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਕੀਤੀ ਗਈ ਸੀ। ਸੱਤਾ ਤਬਦੀਲੀ ਤੋਂ ਬਾਅਦ ਅਨਿਰੁੱਧ ਤਿਵਾਡ਼ੀ ਦੇ ਅਹੁਦੇ ’ਤੇ ਬਣੇ ਰਹਿਣ ਦੇ ਆਸਾਰ ਬਣ ਗਏ ਸਨ। ਸੂਤਰਾਂ ਦਾ ਦੱਸਣਾ ਹੈ ਕਿ ਆਪ ਸਰਕਾਰ ਵੱਲੋਂ ਬਜਟ ਸ਼ੈਸਨ ਤੱਕ ਅਜਿਹੀਆਂ ਤਬਦੀਲੀਆਂ ਨੂੰ ਟਾਲਿਆ ਗਿਆ ਸੀ ਤੇ ਬਜਟ ਸੈਸ਼ਨ ਖ਼ਤਮ ਹੁੰਦਿਆਂ ਹੀ ਸਰਕਾਰ ਹਰਕਤ ’ਚ ਆ ਗਈ ਹੈ। ਸੂਤਰਾਂ ਦਾ ਦੱਸਣਾ ਹੈ ਕਿ ਇਸ ਤਬਦੀਲੀ ਦੀ ਭਿਣਕ ਪੈਣ ਤੋਂ ਬਾਅਦ ਅਨਿਰੁੱਧ ਤਿਵਾਡ਼ੀ ਆਪਣੇ ਦਫ਼ਤਰ ਨਾ ਪਹੁੰਚੇ। ਮਹੱਤਵਪੂਰਨ ਤੱਥ ਇਹ ਵੀ ਹੈ ‘ਆਪ’ ਸਰਕਾਰ ਵੱਲੋਂ ਨਿਯੁਕਤ ਕੀਤੇ ਗਏ ਮੁੱਖ ਸਕੱਤਰ ਵੀ.ਕੇ. ਜੰਜੂਆ ਇਕ ਚਰਚਿਤ ਫੌਜਦਾਰੀ ਮਾਮਲੇ ’ਚ ਅਜਿਹੇ ਉਲਝੇ ਸਨ ਕਿ ਕਈ ਸਾਲਾਂ ਤੱਕ ਉਨ੍ਹਾਂ ਦੀ ਪਦਉੱਨਤੀ ਰੁਕੀ ਰਹੀ ਹੈ। ਦੇਖਿਆ ਜਾਵੇ ਤਾਂ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਅਤੇ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਮੇਂ ਵੀ ਜੰਜੂਆ ਨੂੰ ਨਿਯੁਕਤੀ ਦੇ ਮਾਮਲੇ ’ਚ ਨਜ਼ਰਅੰਦਾਜ਼ ਹੀ ਕਰੀ ਰੱਖਿਆ ਗਿਆ। ਹਾਲਾਂਕਿ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸਰਕਾਰ ਨੇ ਉਨ੍ਹਾਂ ਨੂੰ ਵਿਸ਼ੇਸ਼ ਮੁੱਖ ਸਕੱਤਰ, ਮਾਲ ਨਿਯੁਕਤ ਕਰਕੇ ਵੱਕਾਰ ਬਹਾਲ ਕੀਤਾ ਸੀ। ਇਸੇ ਦੌਰਾਨ ਪੰਜਾਬ ਸਰਕਾਰ ਵੱਲੋਂ ਅੱਜ ਤਿੰਨ ਹੋਰ ਆਈ.ਏ.ਐੱਸ. ਅਧਿਕਾਰੀਆਂ ਦੇ ਤਬਾਦਲੇ ਵੀ ਕੀਤੇ ਗਏ ਹਨ। ਕੇ.ਏ.ਪੀ. ਸਿਨਹਾ ਨੂੰ ਫੂਡ ਪ੍ਰਸੈਸਿੰਗ ਅਤੇ ਜੇਲ੍ਹ ਵਿਭਾਗ ਦਾ ਪ੍ਰਮੁੱਖ ਸਕੱਤਰ ਲਾਇਆ ਗਿਆ ਹੈ। ਇਸੇ ਤਰ੍ਹਾਂ ਅਜੋਏ ਕੁਮਾਰ ਸ਼ਰਮਾ ਨੂੰ ਸਿਹਤ ਵਿਭਾਗ ਦੇ ਨਾਲ ਵਿੱਤ ਅਤੇ ਕਰ ਤੇ ਆਬਕਾਰੀ ਵਿਭਾਗ ਦਾ ਚਾਰਜ ਵੀ ਦਿੱਤਾ ਗਿਆ ਹੈ। ਕੁਮਾਰ ਰਾਹੁਲ ਨੂੰ ਸਕੱਤਰ ਜਨਰਲ ਪ੍ਰਸ਼ਾਸਨ ਤੇ ਤਾਲਮੇਲ ਤਾਇਨਾਤ ਕੀਤਾ ਗਿਆ ਹੈ। ਪੁਲੀਸ ਪ੍ਰਸ਼ਾਸਨ ’ਚ ਵੀ ਵੱਡਾ ਫੇਰਬਦਲ ਕੀਤਾ ਗਿਆ ਹੈ।