ਡਰੱਗ ਮਾਫੀਆ ਪੰਜਾਬ ‘ਚ ਕੁਝ ਦਹਾਕੇ ਤੋਂ ਬੇਖੌਫ਼ ਹੋ ਕੇ ਤਸਕਰੀ ਕਰ ਰਿਹਾ ਹੈ ਅਤੇ ਕਈ ਵਾਰ ਤਸਕਰਾਂ, ਪੁਲੀਸ ਤੇ ਸਿਆਸਤਦਾਨਾਂ ਦੇ ਇਸ ਮਾਮਲੇ ‘ਚ ਗੱਠਜੋੜ ਦੀ ਗੱਲ ਸਾਹਮਣੇ ਆਈ ਹੈ। ਅਕਾਲੀ-ਭਾਜਪਾ ਗੱਠਜੋੜ ਸਰਕਾਰ ਤੋਂ ਲੈ ਕੇ ਕਾਂਗਰਸ ਸਰਕਾਰ ਸਮੇਂ ਸਹੁੰਆਂ ਖਾਣ ਤੇ ਵਾਅਦੇ ਕਰਨ ਦੇ ਬਾਵਜੂਦ ਨਸ਼ਿਆਂ ਨੂੰ ਠੱਲ੍ਹ ਨਹੀਂ ਪਈ। ਅੱਕੇ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਂਦੀ ਪਰ ਇਸ ਸਰਕਾਰ ਦੇ ਰਾਜ ‘ਚ ਡਰੱਗ ਮਾਫੀਆ ਦੇ ਹੌਸਲੇ ਹੁਣ ਇਸ ਕਦਰ ਬੁਲੰਦ ਹੋ ਗਏ ਹਨ ਕਿ ਉਹ ਲੋਕਾਂ ਨੂੰ ਨਿਰਵਸਤਰ ਕਰਕੇ ਕੁੱਟਣ ਲੱਗੇ ਹਨ। ਤਰਨ ਤਾਰਨ ਇਲਾਕੇ ਦੇ ਪਿੰਡ ਗੱਗੋਬੁਆ ‘ਚ ਨਸ਼ਾ ਵੇਚਣ ਵਾਲਿਆਂ ਦੇ ਪੰਜ ਮੈਂਬਰੀ ਗਰੋਹ ਨੇ ਮਾਂ-ਪੁੱਤ ਨੂੰ ਨਿਰਵਸਤਰ ਕਰਕੇ ਉਨ੍ਹਾਂ ਦੀ ਕੁੱਟਮਾਰ ਕੀਤੀ ਹੈ। ਪੀੜਤ ਮਹਿਲਾ ਰਣਜੀਤ ਕੌਰ ਨੇ ਨਸ਼ਾ ਕਾਰੋਬਾਰੀਆਂ ਦੀਆਂ ਹਰਕਤਾਂ ‘ਤੇ ਇਤਰਾਜ਼ ਜਤਾਇਆ ਸੀ। ਪੀੜਤ ਪਰਿਵਾਰ ਫਿਲਹਾਲ ਰੂਪੋਸ਼ ਹੈ ਅਤੇ ਪੁਲੀਸ ਨੇ ਫੌਜਦਾਰੀ ਤੇ ਆਈ.ਟੀ. ਐਕਟ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਆਰੰਭ ਦਿੱਤੀ ਹੈ। ਮੁੱਖ ਮੁਲਜ਼ਮ ਸਿਕੰਦਰ ਸਿੰਘ ਅਜੇ ਕੁਝ ਦਿਨ ਪਹਿਲਾਂ ਜੇਲ੍ਹ ਵਿੱਚੋਂ ਰਿਹਾਅ ਹੋਇਆ ਹੈ। ਉਹ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਕੇਸ ‘ਚ ਬੰਦ ਸੀ। ਜਾਣਕਾਰੀ ਅਨੁਸਾਰ ਨਸ਼ੇ ਦੇ ਵਪਾਰੀ ਬਾਅਦ ਦੁਪਹਿਰ ਰਣਜੀਤ ਕੌਰ ਦੇ ਘਰ ਦਾਖਲ ਹੋਏ ਤੇ ਉਸ ਦੀ ਕੁੱਟਮਾਰ ਕੀਤੀ। ਉਨ੍ਹਾਂ ਮਹਿਲਾ ਨੂੰ ਅਰਧ ਨਗਨ ਕਰ ਦਿੱਤਾ ਤੇ ਘਰ ਦੇ ਕੀਮਤੀ ਸਾਮਾਨ ਨੂੰ ਅੱਗ ਲਗਾ ਦਿੱਤੀ। ਮਗਰੋਂ ਹਮਲਾਵਰ ਰਣਜੀਤ ਕੌਰ ਦੇ ਲੜਕੇ ਗੁਰਪਾਲ ਸਿੰਘ ਨੂੰ ਘਰੋਂ ਧੂਹ ਕੇ ਪਿੰਡ ਦੇ ਚੌਰਾਹੇ ‘ਚ ਲੈ ਆਏ। ਉਨ੍ਹਾਂ ਗੁਰਪਾਲ ਸਿੰਘ ਨੂੰ ਨਿਰਵਸਤਰ ਕਰਕੇ ਉਹਦੀ ਵੀ ਕੁੱਟਮਾਰ ਕੀਤੀ। ਹਮਲਾਵਰਾਂ ਨੇ ਇਸ ਪੂਰੀ ਘਟਨਾ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ। ਉਧਰ ਸੰਪਰਕ ਕਰਨ ‘ਤੇ ਡੀ.ਐੱਸ.ਪੀ. ਸੁਖਵਿੰਦਰ ਸਿੰਘ ਨੇ ਅਜਿਹੀ ਕਿਸੇ ਜਾਣਕਾਰੀ ਤੋਂ ਇਨਕਾਰ ਕੀਤਾ ਹੈ। ਇਸ ਘਟਨਾ ਮਗਰੋਂ ਪੀੜਤ ਪਰਿਵਾਰ ਦਹਿਸ਼ਤ ‘ਚ ਹੈ। ਗੁਰਪਾਲ ਸਿੰਘ ਨੂੰ ਸਥਾਨਕ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਪਰਿਵਾਰ ਉਸ ਨੂੰ ਛੁੱਟੀ ਦਿਵਾ ਕੇ ਰੂਪੋਸ਼ ਹੋ ਗਿਆ। ਹਮਲਾਵਰਾਂ ਨੇ ਰਣਜੀਤ ਕੌਰ ਦੀ ਨਾਬਾਲਗ ਲੜਕੀ ਨੂੰ ਵੀ ਸੱਟਾਂ ਮਾਰੀਆਂ। ਝਬਾਲ ਪੁਲੀਸ ਦੇ ਅਧਿਕਾਰੀ ਸਬ ਇੰਸਪੈਕਟਰ ਕੇਵਲ ਸਿੰਘ ਨੇ ਮਾਮਲੇ ਦੀ ਜਾਂਚ ਕਰਦਿਆਂ ਪੰਜ ਜਣਿਆਂ ਖਿਲਾਫ਼ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ‘ਚ ਪਿੰਡ ਵਾਸੀ ਸਿਕੰਦਰ ਸਿੰਘ, ਪ੍ਰਭ, ਭਿੰਦਰ, ਮਹਿਕਦੀਪ ਸਿੰਘ ਅਤੇ ਜਸ਼ਨਦੀਪ ਸਿੰਘ ਦਾ ਨਾਮ ਸ਼ਾਮਲ ਹੈ। ਮੁਲਜ਼ਮਾਂ ਖ਼ਿਲਾਫ਼ ਫੌਜਦਾਰੀ ਐਕਟ ਤੇ ਸੂਚਨਾ ਤਕਨਾਲੋਜੀ ਐਕਟ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਪੀੜਤਾ ਦੇ ਲੜਕੇ ਗੁਰਪਾਲ ਸਿੰਘ ਦੇ ਹਸਪਤਾਲ ਤੋਂ ਬਿਆਨ ਦਰਜ ਕੀਤੇ ਗਏ ਹਨ ਅਤੇ ਡਾਕਟਰਾਂ ਦੀ ਮੈਡੀਕਲ ਲੀਗਲ ਰਿਪੋਰਟ ਅਨੁਸਾਰ ਕਾਰਵਾਈ ਕੀਤੀ ਜਾਵੇਗੀ।