ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮਿਲ ਕੇ ਪਟਿਆਲਾ ਦੇ ਪੋਲੋ ਗਰਾਊਂਡ ਦੇ ਜਮਨੇਜ਼ੀਅਮ ਹਾਲ ‘ਚ ਯੋਗਸ਼ਾਲਾ ਦੀ ਸ਼ੁਰੂਆਤ ਕੀਤੀ। ਪੰਜਾਬ ਦੇ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਪੰਜਾਬ ਸਰਕਾਰ ਬਿਨਾਂ ਵਿਆਜ ਤੋਂ ਕਰਜ਼ੇ ਦੇਵੇਗੀ। ਉਨ੍ਹਾਂ ਇਸ ਸਮੇਂ ਇਹ ਵੀ ਕਿਹਾ ਕਿ ਪੰਜਾਬ ‘ਚ ਜਿੱਥੇ ਵੀ 25 ਵਿਅਕਤੀ ਯੋਗਾ ਕਰਨਾ ਚਾਹੁਣਗੇ ਉਨ੍ਹਾਂ ਲਈ ਯੋਗ ਟੀਚਰ ਦਾ ਇੰਤਜ਼ਾਮ ਕੀਤਾ ਜਾਵੇਗਾ, ਇਸ ਲਈ ਕਿਸੇ ਨੂੰ ਵੀ ਮੋਬਾਇਲ ਨੰਬਰ 7669400500 ‘ਤੇ ਮਿਸ ਕਾਲ ਕਰਨੀ ਹੋਵੇਗੀ। ਇਸ ਮੌਕੇ ‘ਤੇ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਦਿੱਲੀ ‘ਚ ਤਾਂ ਲੈਫਟੀਨੈਂਟ ਗਵਰਨਰ ਨੇ ਯੋਗਸ਼ਾਲਾਵਾਂ ਬੰਦ ਕਰਵਾ ਦਿੱਤੀਆਂ ਸਨ ਪਰ ਪੰਜਾਬ ਦੇ ਹਰ ਮੁਹੱਲੇ ‘ਚ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਦੀ ਅਗਵਾਈ ‘ਚ ਯੋਗਸ਼ਾਲਾ ਖੋਲ੍ਹ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੀਆਂ ਰਵਾਇਤੀ ਪਾਰਟੀਆਂ ਨੇ ਪੰਜਾਬ ਨੂੰ ਲੁੱਟਿਆ ਹੀ ਸੀ, ਇਥੇ ਗੈਂਗਸਟਰ ਪੈਦਾ ਕੀਤੇ, ਨਸ਼ਾ ਪੈਦਾ ਕੀਤਾ ਅਤੇ ਕੁਰੱਪਸ਼ਨ ਨਾਲ ਪੰਜਾਬ ਨੂੰ ਬਰਬਾਦ ਕਰਕੇ ਰੱਖ ਦਿੱਤਾ ਪਰ ਭਗਵੰਤ ਮਾਨ ਦੀ ਸਰਕਾਰ ਨੇ ਪੰਜਾਬ ‘ਚ ਸ਼ਾਂਤੀ ਤੇ ਕੁਰੱਪਸ਼ਨ ਰਹਿਤ ਪ੍ਰਸ਼ਾਸਨ ਦੇ ਕੇ ਪੰਜਾਬੀਆਂ ਨੂੰ ਅਪਣੱਤ ਦਾ ਅਹਿਸਾਸ ਕਰਵਾਇਆ। ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਤੇ ਚੇਤਨ ਸਿੰਘ ਜੌੜਾਮਾਜਰਾ ਸਮੇਤ ਪਟਿਆਲਾ ਜ਼ਿਲ੍ਹੇ ਅੰਦਰ ਆਉਂਦੇ ਸਾਰੇ ਹਲਕਿਆਂ ਦੇ ਵਿਧਾਇਕ ਦੇਵ ਮਾਨ ਨਾਭਾ, ਅਜੀਤਪਾਲ ਸਿੰਘ ਕੋਹਲੀ, ਨੀਨਾ ਮਿੱਤਲ, ਕੁਲਵੰਤ ਸਿੰਘ ਬਾਜ਼ੀਗਰ, ਗੁਰਲਾਲ ਸਿੰਘ ਘਨੌਰ ਆਦਿ ਇਸ ਸਮੇਂ ਮੌਜੂਦ ਸਨ।