ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੁਧਿਆਣਾ ‘ਚ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਅਸਲ ‘ਚ ਮੁੱਖ ਮੰਤਰੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਦੋ ਰੋਜ਼ਾ ਕਿਸਾਨ ਮੇਲੇ ‘ਚ ਪਹਿਲੇ ਦਿਨ ਬਤੌਰ ਮੁੱਖ ਮਹਿਮਾਨ ਪਹੁੰਚੇ ਸਨ ਜਦੋਂ ਕਿਸਾਨਾਂ ਨੇ ਵਿਰੋਧ ਕੀਤਾ। ਕਿਸਾਨ ਪ੍ਰਬੰਧਾਂ ਦੀ ਘਾਟ ਅਤੇ ਪੁਲੀਸ ਵੱਲੋਂ ਕੀਤੀ ਜਾ ਰਹੀ ਸਖ਼ਤੀ ਕਾਰਨ ਨਾਰਾਜ਼ ਸਨ। ਰੋਹ ‘ਚ ਆਏ ਕਿਸਾਨਾਂ ਨੇ ਸੂਬਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਮੇਲੇ ਦੌਰਾਨ ਪੁਲੀਸ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਕਿਸਾਨਾਂ ਨੂੰ ਕਿਤੇ ਵੀ ਘੁੰਮਣ ਨਹੀਂ ਦਿੱਤਾ ਜਾ ਰਿਹਾ। ਕਿਸਾਨ ਮੇਲੇ ‘ਚ ਮੁੱਖ ਮੰਤਰੀ ਦੀ ਆਮਦ ਦੇ ਮੱਦੇਨਜ਼ਰ ਕੀਤੇ ਗਏ ਸੁਰੱਖਿਆ ਪ੍ਰਬੰਧਾਂ ਕਾਰਨ ਕਈ ਰਾਹ ਬੰਦ ਕੀਤੇ ਗਏ ਤੇ ਪੀ.ਏ.ਯੂ. ਅੰਦਰ ਹੀ ਹੈਲੀਪੈਡ ਬਣਾਇਆ ਗਿਆ ਸੀ, ਜਿੱਥੋਂ ਮੁੱਖ ਮੰਤਰੀ ਦਾ ਕਾਫ਼ਲਾ ਸਮਾਗਮ ਸਥਾਨ ਵੱਲ ਚਲਾ ਗਿਆ। ਇਸ ਦੌਰਾਨ ਪੁਲੀਸ ਪ੍ਰਸ਼ਾਸਨ ਨੇ ਗੇਟ ਨੰਬਰ ਦੋ ਦੇ ਬਾਹਰ ਹੀ ਕਿਸਾਨਾਂ ਦੀਆਂ ਗੱਡੀਆਂ ਸੜਕ ‘ਤੇ ਖੜ੍ਹੀਆਂ ਕਰਵਾ ਦਿੱਤੀਆਂ ਤੇ ਉਨ੍ਹਾਂ ਨੂੰ ਪੈਦਲ ਅੰਦਰ ਜਾਣ ਲਈ ਕਿਹਾ ਗਿਆ। ਉਨ੍ਹਾਂ ਕਿਹਾ ਕਿ ਇਹ ਮੇਲਾ ਤਿੰਨ ਸਾਲਾਂ ਬਾਅਦ ਲੱਗਿਆ ਹੈ ਤੇ ਉਹ ਨਵੀਂ ਤਕਨੀਕ ਦੇਖਣ ਲਈ ਇਥੇ ਪੁੱਜੇ ਹਨ, ਪਰ ਉਨ੍ਹਾਂ ਲਈ ਲਾਏ ਗਏ ਇਸ ਮੇਲੇ ਵਿੱਚ ਹੀ ਉਨ੍ਹਾਂ ਨੂੰ ਘੁੰਮਣ ਨਹੀਂ ਦਿੱਤਾ ਜਾ ਰਿਹਾ। ਕਿਸਾਨ ਮੇਲੇ ‘ਚ ਬੋਲਦਿਆਂ ਮੁੱਖ ਮੰਤਰੀ ਨੇ ਖੇਤੀ ਵਿਗਿਆਨੀਆਂ ਨੂੰ ਦਫ਼ਤਰਾਂ ‘ਚੋਂ ਨਿਕਲ ਕੇ ਖੇਤਾਂ ਤੱਕ ਪਹੁੰਚ ਕਰਨ ਦੀ ਹਦਾਇਤ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਸਾਨਾਂ ਨੂੰ ਕਣਕ-ਝੋਨੇ ਦੇ ਚੱਕਰ ‘ਚੋਂ ਨਿਕਲਣ ਦੀ ਵੀ ਸਲਾਹ ਦਿੱਤੀ। ਕੋਵਿਡ-19 ਕਰਕੇ ਤਿੰਨ ਸਾਲਾਂ ਬਾਅਦ ਲੱਗੇ ਇਸ ਮੇਲੇ ‘ਚ ਵੱਡੀ ਗਿਣਤੀ ‘ਚ ਕਿਸਾਨ ਪਹੁੰਚੇ ਹੋਏ ਸਨ। ਮੇਲੇ ਦੀ ਮੁੱਖ ਸਟੇਜ ‘ਤੇ ਯੂਨੀਵਰਸਿਟੀ ਦੇ ਉਪ ਕੁਲਪਤੀ ਸਤਿਬੀਰ ਸਿੰਘ ਗੋਸਲ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਭਗਵੰਤ ਮਾਨ ਨੇ ਕਿਹਾ ਕਿ ਖੇਤੀਬਾੜੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਮਾਹਿਰਾਂ ਨੂੰ ਸਮੇਂ-ਸਮੇਂ ‘ਤੇ ਫ਼ਸਲਾਂ ਨੂੰ ਲੱਗਣ ਵਾਲੀਆਂ ਬਿਮਾਰੀਆਂ ਦੇ ਢੁੱਕਵੇਂ ਇਲਾਜ ਕਰਨ ਅਤੇ ਕਿਸਾਨਾਂ ਦੀ ਅਗਵਾਈ ਕਰਨ ਲਈ ਖੇਤਾਂ ‘ਚ ਜਾਣਾ ਪਵੇਗਾ। ਉਨ੍ਹਾਂ ਕਿਹਾ ਕਿ ਇਕ ਕਿਲੋ ਚੌਲ ਪੈਦਾ ਕਰਨ ਲਈ 3900 ਲਿਟਰ ਪਾਣੀ ਦੀ ਵਰਤੋਂ ਹੁੰਦੀ ਹੈ ਜਦਕਿ ਪੰਜਾਬ ‘ਚ ਚੌਲਾਂ ਦੀ ਖਪਤ ਨਾ-ਮਾਤਰ ਹੈ। ਦੂਜੇ ਪਾਸੇ ਦੇਸ਼ ‘ਚ 120 ਅਰਬ ਡਾਲਰ ਦੀਆਂ ਦਾਲਾਂ ਦਰਾਮਦ ਕੀਤੀਆਂ ਜਾਂਦੀਆਂ ਹਨ। ਇਸ ਲਈ ਦਾਲਾਂ ਦੀ ਖੇਤੀ ਲਾਹੇਵੰਦ ਸਾਬਤ ਹੋ ਸਕਦੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ 18 ਅਕਤੂਬਰ ਨੂੰ ਪਰਾਲੀ ਦੇ ਨਿਬੇੜੇ ਸਬੰਧੀ ਇਕ ਯੂਨਿਟ ਦਾ ਉਦਘਾਟਨ ਕੀਤਾ ਜਾ ਰਿਹਾ ਹੈ ਜਿੱਥੇ ਰੋਜ਼ਾਨਾ 33 ਟਨ ਪਰਾਲੀ ਦੀ ਲੋੜ ਹੋਵੇਗੀ।