ਮੁੱਖ ਮੰਤਰੀ ਭਗਵੰਤ ਮਾਨ 4 ਜੁਲਾਈ ਨੂੰ ਮੰਤਰੀ ਮੰਡਲ ਦਾ ਵਿਸਥਾਰ ਕਰਨਗੇ। ਰਾਜ ਭਵਨ ’ਚ ਇਸ ਸਬੰਧੀ ਸਮਾਗਮ ਸ਼ਾਮ 5 ਵਜੇ ਰੱਖਿਆ ਗਿਆ ਹੈ। ਮੰਤਰੀ ਮੰਡਲ ’ਚ 4 ਜਾਂ 5 ਨਵੇਂ ਮੈਂਬਰ ਸ਼ਾਮਲ ਕੀਤੇ ਜਾ ਸਕਦੇ ਹਨ। ਇਸ ’ਚ ਇਕ ਮਹਿਲਾ ਵਿਧਾਇਕ ਵੀ ਸ਼ਾਮਲ ਹੋ ਸਕਦੀ ਹੈ। ਅਮਨ ਅਰੋਡ਼ਾ ਤੇ ਪ੍ਰਿੰਸੀਪਲ ਬੁੱਧਰਾਮ ਨੂੰ ਕੈਬਨਿਟ ਜਗ੍ਹਾ ਮਿਲਣੀ ਲਗਪਗ ਤੈਅ ਹੈ। ਪ੍ਰੋ. ਬਲਜਿੰਦਰ ਕੌਰ ਤੇ ਸਰਵਜੀਤ ਕੌਰ ਮਾਣੂਕੇ ’ਚੋਂ ਕਿਸੇ ਇਕ ਦਾ ਨੰਬਰ ਲੱਗੇਗਾ। ਪੰਜਾਬ ਦੇ ਰਾਜਪਾਲ ਨਵੇਂ ਮੰਤਰੀਆਂ ਨੂੰ ਸਹੁੰ ਚਕਾਉਣਗੇ। ਸੰਗਰੂਰ ਲੋਕ ਸਭਾ ਚੋਣਾਂ ’ਚ ਮਿਲੀ ਹਾਰ ਤੋਂ ਬਾਅਦ ਆਮ ਆਦਮੀ ਪਾਰਟੀ ’ਤੇ ਮੰਤਰੀ ਮੰਡਲ ਵਿਸਥਾਰ ਲਈ ਦਬਾਅ ਵਧ ਗਿਆ। ਦਰਅਸਲ ਕਈ ਅਜਿਹੇ ਵਿਭਾਗ ਹਨ ਜੋ ਮੁੱਖ ਮੰਤਰੀ ਕੋਲ ਹਨ। ਰੁਝੇਵਿਆਂ ਕਾਰਨ ਉਹ ਕਈ ਵਿਭਾਗਾਂ ਵੱਲ ਧਿਆਨ ਨਹੀਂ ਦੇ ਪਾ ਰਹੇ ਹਨ। ਦਬਾਅ ਘਟਾਉਣ ਲਈ ਮੰਤਰੀ ਮੰਡਲ ਦਾ ਵਿਸਥਾਰ ਜ਼ਰੂਰੀ ਹੈ। ਭਗਵੰਤ ਮਾਨ ਨੇ ਸੱਤਾ ਸੰਭਾਲਦਿਆਂ ਹੀ 9 ਮੰਤਰੀ ਬਣਾਏ। ਇਨ੍ਹਾਂ ਵਿੱਚੋਂ ਇਕ ਮੰਤਰੀ ਡਾ. ਵਿਜੈ ਸਿੰਗਲਾ ਨੂੰ ਭ੍ਰਿਸ਼ਟਾਚਾਰ ਦੇ ਕੇਸ ’ਚ ਫਸਣ ਤੋਂ ਬਾਅਦ ਹਟਾ ਦਿੱਤਾ ਗਿਆ ਸੀ। ਉਸ ਸਮੇਂ 9 ਵਿਧਾਇਕਾਂ ਨੂੰ ਮੰਤਰੀ ਮੰਡਲ ’ਚ ਥਾਂ ਦਿੱਤੀ ਗਈ। ਭਗਵੰਤ ਮਾਨ ਨੇ ਪਹਿਲਾਂ ਵੀ ਵਿਧਾਇਕ ਰਹਿ ਚੁੱਕੇ ਹਰਪਾਲ ਚੀਮਾ ਤੇ ਮੀਤ ਹੇਅਰ ਨੂੰ ਆਪਣੀ ਕੈਬਨਿਟ ’ਚ ਮੰਤਰੀ ਬਣਾਇਆ ਸੀ। ਕਿਆਫ਼ੇ ਲਾਏ ਜਾ ਰਹੇ ਹਨ ਕਿ ਦੁਬਾਰਾ ਜਿੱਤਣ ਵਾਲੇ ਕੁਝ ਹੋਰ ਵਿਧਾਇਕਾਂ ਨੂੰ ਮੰਤਰੀ ਬਣਾਇਆ ਜਾ ਸਕਦਾ ਹੈ। ਅਮਨ ਅਰੋਡ਼ਾ, ਸਰਵਜੀਤ ਕੌਰ ਮਾਣੂੰਕੇ, ਪ੍ਰੋ. ਬਲਜਿੰਦਰ ਕੌਰ, ਮਨਜੀਤ ਸਿੰਘ ਬਿਲਾਸਪੁਰ, ਪ੍ਰਿੰਸੀਪਲ ਬੁੱਧ ਰਾਮ ਦੁਬਾਰਾ ਜਿੱਤ ਕੇ ਆਏ ਹਨ। ਇਸ ਤੋਂ ਇਲਾਵਾ ਪਹਿਲੀ ਵਾਰ ਖਰਡ਼ ਤੋਂ ਚੋਣ ਲਡ਼ ਕੇ ਗਾਇਕਾ ਤੋਂ ਵਿਧਾਇਕਾ ਬਣੀ ਗਗਨ ਅਨਮੋਲ ਮਾਨ ਦਾ ਨਾਂ ਵੀ ਮੰਤਰੀ ਵਜੋਂ ਚੱਲ ਰਿਹਾ ਹੈ।