ਗਾਇਕਾ ਤੋਂ ਵਿਧਾਇਕਾ ਬਣੀ ਅਨਮੋਲ ਗਗਨ ਮਾਨ ਦੀ ਵੀ ਨਿੱਕਲੀ ‘ਲਾਟਰੀ’
ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਵਜ਼ਾਰਤੀ ਵਾਧੇ ਦੌਰਾਨ ਅੱਜ ਪੰਜ ਨਵੇਂ ਮੰਤਰੀਆਂ ਨੇ ਸਹੁੰ ਚੁੱਕੀ। ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਇਨ੍ਹਾਂ ਪੰਜ ਨਵੇਂ ਬਣੇ ਮੰਤਰੀਆਂ ਨੂੰ ਸਹੁੰ ਚੁਕਵਾਈ। ਮੰਤਰੀ ਮੰਡਲ ’ਚ ਵਿਧਾਨ ਸਭਾ ਹਲਕਾ ਸੁਨਾਮ ਤੋਂ ਵਿਧਾਇਕ ਅਮਨ ਅਰੋਡ਼, ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਤੋਂ ਡਾ. ਇੰਦਰਬੀਰ ਸਿੰਘ ਨਿੱਝਰ, ਵਿਧਾਨ ਸਭਾ ਹਲਕਾ ਗੁਰੂ ਹਰਸਹਾਏ ਤੋਂ ਵਿਧਾਇਕ ਫੌਜਾ ਸਿੰਘ ਸਰਾਹੀ, ਵਿਧਾਨ ਸਭਾ ਹਲਕਾ ਸਮਾਣਾ ਤੋਂ ਚੇਤਨ ਸਿੰਘ ਜੌਡ਼ਾਮਾਜਰਾ ਅਤੇ ਵਿਧਾਨ ਸਭਾ ਹਲਕਾ ਖਰਡ਼ ਤੋਂ ਅਨਮੋਲ ਗਗਨ ਮਾਨ ਸ਼ਾਮਲ ਹਨ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਹਾਜ਼ਰ ਰਹੇ। ਹਾਲਾਂਕਿ ਨਵੇਂ ਮੰਤਰੀਆਂ ਦੇ ਵਿਭਾਗਾਂ ਦਾ ਐਲਾਨ ਨਹੀਂ ਕੀਤਾ ਗਿਆ। ਦੱਸਣਯੋਗ ਹੈ ਕਿ ਨਵੇਂ ਮੰਤਰੀਆਂ ਦੇ ਸ਼ਾਮਲ ਹੋਣ ਨਾਲ ਮੰਤਰੀ ਮੰਡਲ ’ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਣੇ 15 ਜਣੇ ਹੋ ਗਏ ਹਨ। ਹਾਲੇ ਵੀ 3 ਮੰਤਰੀ ਬਣਨੇ ਬਾਕੀ ਹਨ ਜਿਨ੍ਹਾਂ ਨੂੰ ਅਗਲੇ ਕੈਬਨਿਟ ਵਿਸਥਾਰ ’ਚ ਥਾਂ ਮਿਲੇਗੀ। ਉਂਝ ਦੂਜੀ ਵਾਰ ਵਿਧਾਇਕ ਬਣੇ ਜਗਰਾਉਂ ਤੋਂ ਸਰਵਜੀਤ ਕੌਰ ਮਾਣੂੰਕੇ ਤੇ ਤਲਵੰਡੀ ਸਾਬੋ ਤੋਂ ਬਲਜਿੰਦਰ ਕੌਰ ਦੇ ਮੰਤਰੀ ਬਣਨ ਦੀ ਵੀ ਚਰਚਾ ਸੀ ਅਤੇ ਇਹ ਦੋਵੇਂ ਮਹਿਲਾ ਵਿਧਾਇਕ ਆਸਵੰਦ ਵੀ ਸਨ ਪਰ ਇਨ੍ਹਾਂ ਨੂੰ ਮੰਤਰੀ ਨਾ ਬਣਾਏ ਜਾਣ ਕਾਰਨ ਦੂਜੀ ਵਾਰ ਝਟਕਾ ਲੱਗਿਆ। ਲੁਧਿਆਣਾ ਜ਼ਿਲ੍ਹਾ ਇਕ ਦਰਜਨ ਤੋਂ ਵਧੇਰੇ ਵਿਧਾਇਕ ਹੋਣ ਦੇ ਬਾਵਜੂਦ ਕੈਬਨਿਟ ’ਚ ਨੁਮਾਇੰਦਗੀ ਹਾਸਲ ਕਰਨ ’ਚ ਨਾਕਾਮ ਰਿਹਾ ਹੈ।
ਦੂਜੇ ਪਾਸੇ ਮਾਨਸਾ ਜਿਲ਼ਲ੍ਹੇ ਦੀ ਜੰਮਪਲ ਗਾਇਕ ਤੋਂ ਵਿਧਾਇਕ ਬਣੀ ਅਨਮੋਲ ਗਗਨ ਮਾਨ ਨੂੰ ਖਰਡ਼ ਤੋਂ ਪਹਿਲੀ ਵਾਰ ਚੋਣ ਜਿੱਤਣ ’ਤੇ ਹੀ ਮੰਤਰੀ ਦਾ ਅਹੁਦਾ ਮਿਲ ਗਿਆ ਹੈ। ਉਸ ਨੇ 32 ਸਾਲ ਦੀ ਉਮਰ ’ਚ ਹੀ ਉਹ ਕੁਝ ਹਾਸਲ ਕਰ ਲਿਆ ਜੋ ਬਹੁਤਿਆਂ ਨੂੰ ਸਾਰੀ ਉਮਰ ’ਚ ਨਸੀਬ ਨਹੀਂ ਹੁੰਦਾ। ਗਗਨਦੀਪ ਕੌਰ ਉਰਫ ਅਨਮੋਲ ਗਗਨ ਮਾਨ ਦਾ ਮੰਤਰੀ ਬਨਣਾ ਨਿਰਸੰਦੇਹ ਵੱਡੀ ਪ੍ਰਾਪਤੀ ਹੈ ਪਰ ਇਸ ਤੋਂ ਪਹਿਲਾਂ ਵੀ ਜਲਦੀ ਜਲਦੀ ਸਿਖਰਾਂ ਛੂਹਣ ਦੇ ਸੰਕੇਤ ਉਸ ’ਚ ਬਚਪਨ ਤੋਂ ਹੀ ਦਿੱਸਦੇ ਸਨ। ਅਜੇ ਉਹ 16 ਸਾਲ ਦੀ ਹੀ ਸੀ ਜਦੋਂ ਉਹ ਫੋਕ, ਭੰਗਡ਼ਾ ਤੇ ਗਿੱਧੇ ’ਚ ਸੰਸਾਰ ਪੱਧਰੇ ਮੁਕਾਬਲਿਆਂ ਲਈ ਚੁਣੀ ਗਈ ਅਤੇ ਇੰਗਲੈਂਡ ਅਤੇ ਰੂਸ ’ਚ ਆਪਣੀ ਕਲਾ ਦੇ ਜੌਹਰ ਦਿਖਾਏ।
ਮਾਨਸਾ ਜ਼ਿਲ੍ਹੇ ਦੇ ਛੋਟੇ ਜਿਹੇ ਪਿੰਡ ਖਿੱਲਣ ਦੇ ਕਿਰਤੀ ਕਿਸਾਨ ਪਰਿਵਾਰ ਦੀ ਕੁਡ਼ੀ ਅਨਮੋਲ ਗਗਨ ਮਾਨ ਦਾ ਕੈਬਨਿਟ ਮੰਤਰੀ ਦੀ ਕੁਰਸੀ ਤਕ ਪੁੱਜਣ ਦਾ ਸਫਰ ਸਖ਼ਤ ਮਿਹਨਤ ਅਤੇ ਇਮਾਨਦਾਰੀ ਦੇ ਬਲਬੂਤੇ ਹੈ। ਅਨਮੋਲ ਨੇ ਇਹ ਗੁਣ ਆਪਣੇ ਪਿਤਾ ਜੋਧਾ ਸਿੰਘ ਮਾਨ ਤੋਂ ਲਏ ਹਨ। ਰਾਜਨੀਤੀ ਅਤੇ ਕਲਾ ਦੀ ਗੁਡ਼੍ਹਤੀ ਵੀ ਉਸ ਨੂੰ ਪਰਿਵਾਰ ਵਿੱਚੋਂ ਮਿਲੀ ਹੈ। ਸਕੂਲ ਸਮੇਂ ਹੀ ਉਸ ਨੂੰ ਗੀਤ ਸੰਗੀਤ ਨਾਲ ਪਿਆਰ ਹੋ ਗਿਆ ਸੀ। ਇੱਕਵੀਂ ਸਦੀ ਦੇ ਪਹਿਲੇ ਦਹਾਕੇ ਅਨਮੋਲ ਦਾ ਪਰਿਵਾਰ ਖਰਡ਼ ਆ ਕੇ ਵਸ ਗਿਆ। ਅਨਮੋਲ ਐੱਮਸੀਐੱਮ ਕਾਲਜ ਚੰਡੀਗਡ਼੍ਹ ਦੀ ਵਿਦਿਆਰਥਣ ਬਣ ਗਈ। ਉਸ ਨੈਤਿਕ ਕਦਰਾਂ ਕੀਮਤਾਂ ਅਤੇ ਉੱਚੇ ਜੀਵਨ ਮੁੱਲਾਂ ਵਾਲੇ ਆਰਟੀਕਲ ਲਿਖੇ। ਸਿਰਫ 18 ਸਾਲ ਦੀ ਉਮਰ ’ਚ ਉਸ ਦੀ ਪੁਸਤਕ ‘ਅਸਲੀ ਇਨਸਾਨ ਕਿਵੇਂ ਬਣੀਏ’ ਛਪ ਗਈ। ਸਾਹਿਤ ਤੋਂ ਉਸ ਦਾ ਝੁਕਾਅ ਸੰਗੀਤ ਵਾਲੇ ਪਾਸੇ ਹੋ ਗਿਆ, ਉਹ ਸ਼ਬਦਾਂ ਦੀ ਜਿਆਰਤ ਕਰਦੀ ਸੁਰਾਂ ਦੀ ਸੰਗਤ ਕਰਨ ਲੱਗੀ। ਗਾਇਕ ਬਨਣ ਦਾ ਸੁਪਨਾ ਸੰਜੋਈ ਬੈਠੀ ਗਗਨ ਨੇ ਪਹਿਲਾਂ ਤੂੰਬੀ ਸਿੱਖੀ ਤੇ ਫਿਰ ਹਰਮੋਨੀਅਮ ਸਿੱਖ ਕੇ ਗਾਉਣਾ ਸ਼ੁਰੂ ਕੀਤਾ। ਜਦੋਂ ਉਸ ਦੀ ਆਵਾਜ਼ ’ਚ ਰਿਕਾਰਡ ਪਹਿਲਾ ਗੀਤ ਮਾਰਕੀਟ ’ਚ ਆਇਆ ਤਾਂ ਚਾਰੇ ਪਾਸੇ ਧੁੰਮਾਂ ਪੈ ਗਈਆਂ। ਉਹ ਗਗਨਦੀਪ ਕੌਰ ਤੋਂ ਅਨਮੋਲ ਗਗਨ ਮਾਨ ਬਣ ਗਈ।