ਦੇਸ਼-ਵਿਦੇਸ਼ ‘ਚ ਬੈਠੇ ਪੰਜਾਬੀ ਆਨਲਾਈਨ ਹੀ ਆਪਣੀ ਜ਼ਮੀਨ ਦਾ ਰਿਕਾਰਡ ਦੇਖ ਸਕਣਗੇ। ਅਜਿਹਾ ਨਾਲ ਕਈ ਕਿਸਮ ਦੇ ਝਗੜੇ ਖ਼ਤਮ ਹੋਣਗੇ ਅਤੇ ਜ਼ਮੀਨਾਂ ਨੂੰ ਲੈ ਕੇ ਰੌਲਾ ਪੈਣ ਨੂੰ ਨੱਥ ਪਵੇਗੀ। ਇਹ ਪ੍ਰਗਟਾਵਾ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕੀਤਾ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਨੇ ਖਸਰਾ ਆਧਾਰਿਤ ਮਾਸਟਰਪਲਾਨਜ਼ ਨੂੰ ਡਿਜੀਟਾਈਜ਼ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਜਿਸ ਨਾਲ ਆਮ ਵਿਅਕਤੀ ਜ਼ਮੀਨ ਦੀ ਸਥਿਤੀ, ਮੌਜੂਦਾ ਵਰਤੋਂ ਤੇ ਜ਼ੋਨਲ ਪਲਾਨ ਬਾਰੇ ਆਸਾਨੀ ਨਾਲ ਪਤਾ ਕਰ ਸਕੇਗਾ। ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਅਮਨ ਅਰੋੜਾ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇਸ ਪ੍ਰਾਜੈਕਟ ਨੂੰ ਲਾਗੂ ਕਰਨ ਦੀ ਪ੍ਰਕਿਰਿਆ ਤੇਜ਼ ਕਰਨ ਵਾਸਤੇ ਪੰਜਾਬ ਰਿਮੋਟ ਸੈਂਸਿੰਗ ਸੈਂਟਰ ਦੀ ਟੀਮ ਨਾਲ ਤਾਲਮੇਲ ਕਰਨ। ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਪ੍ਰਾਜੈਕਟ ਦੇ ਲਾਗੂ ਹੋਣ ਨਾਲ ਲੋਕ ਆਪਣੀ ਜ਼ਮੀਨ ਨੂੰ ਆਨਲਾਈਨ ਦੇਖ ਸਕਣਗੇ। ਇਹ ਪਹਿਲਕਦਮੀ ਜ਼ਮੀਨ ਦੀ ਵਰਤੋਂ ‘ਚ ਤਬਦੀਲੀ (ਸੀ.ਐੱਲ.ਯੂ.) ਲਈ ਆਸਾਨੀ ਨਾਲ ਅਪਲਾਈ ਕਰਨ ਵਾਸਤੇ ਵੀ ਮਦਦਗਾਰ ਸਾਬਤ ਹੋਵੇਗੀ। ਇਸ ਤੋਂ ਇਲਾਵਾ ਰਿਕਾਰਡ ਦੇ ਰੱਖ-ਰਖਾਅ ਦੀ ਵਿਧੀ ‘ਚ ਪਾਰਦਰਸ਼ਤਾ ਆਵੇਗੀ ਤੇ ਸੂਬੇ ‘ਚ ਨਿਵੇਸ਼ ਨੂੰ ਉਤਸ਼ਾਹ ਮਿਲੇਗਾ। ਅਮਨ ਅਰੋੜਾ ਨੇ ਕਿਹਾ ਕਿ ਸੂਬੇ ‘ਚ ਕੁੱਲ 43 ਮਾਸਟਰਪਲਾਨਜ਼ ਪਹਿਲਾਂ ਹੀ ਨੋਟੀਫਾਈ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਵਿੱਚੋਂ 22 ਮਾਸਟਰਪਲਾਨਜ਼ ਲਈ ਖਸਰਾ ਆਧਾਰਿਤ ਡਿਜੀਟਾਈਜੇਸ਼ਨ ਮੈਪਿੰਗ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਮੀਟਿੰਗ ‘ਚ ਪ੍ਰਮੁੱਖ ਸਕੱਤਰ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਅਜੋਏ ਕੁਮਾਰ ਸਿਨਹਾ, ਪੁੱਡਾ ਦੇ ਮੁੱਖ ਪ੍ਰਸ਼ਾਸਕ ਅਪਨੀਤ ਰਿਆਤ, ਚੀਫ ਟਾਊਨ ਪਲਾਨਰ ਪੰਜਾਬ ਪੰਕਜ ਬਾਵਾ ਅਤੇ ਡਾਇਰੈਕਟਰ ਡਾ. ਬ੍ਰਿਜੇਂਦਰ ਪਟੇਰੀਆ ਹਾਜ਼ਰ ਸਨ। ਓਧਰ ਆਪਣੇ ਜੱਦੀ ਪਿੰਡ ਬਡਰੁੱਖਾਂ ‘ਚ ਇਕ ਸਮਾਗਮ ‘ਚ ਸ਼ਿਰਕਤ ਕਰਨ ਮਗਰੋਂ ਅਮਨ ਅਰੋੜਾ ਨੇ ਕਿਹਾ ਕਿ ਮਸਤੂਆਣਾ ਸਾਹਿਬ ‘ਚ ਸੰਤ ਅਤਰ ਸਿੰਘ ਦੀ ਯਾਦ ‘ਚ ਬਣਨ ਵਾਲੇ ਮੈਡੀਕਲ ਕਾਲਜ ਬਾਰੇ ਬੇਲੋੜਾ ਵਿਵਾਦ ਛੇੜ ਕੇ ਵਿਰੋਧੀ ਸੂਬਾ ਸਰਕਾਰ ਦੇ ਇਸ ਡਰੀਮ ਪ੍ਰਾਜੈਕਟ ਨੂੰ ਲੀਹ ਤੋਂ ਲਾਹੁਣਾ ਚਾਹੁੰਦੇ ਹਨ, ਜਦਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸਰਕਾਰ ਹਰ ਹਾਲ ਮੈਡੀਕਲ ਕਾਲਜ ਬਣਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਮੈਡੀਕਲ ਕਾਲਜ ਲਈ ਮਸਤੂਆਣਾ ਸਾਹਿਬ ‘ਚ ਗੁਰਦੁਆਰਾ ਅੰਗੀਠਾ ਸਾਹਿਬ ਵੱਲੋਂ ਦਿੱਤੀ ਗਈ 25 ਏਕੜ ਜ਼ਮੀਨ ਦਾ ਵਿਵਾਦ ਵਿਰੋਧੀਆਂ ਨੇ ਖੜ੍ਹਾ ਕੀਤਾ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਮਸਤੂਆਣਾ ਟਰੱਸਟ ਵੱਲੋਂ ਪ੍ਰਾਜੈਕਟ ਦੇ ਰਾਹ ‘ਚ ਅੜਿੱਕੇ ਪਾਏ ਜਾ ਰਹੇ ਹਨ। ਪਿੰਡ ਬਡਰੁੱਖਾਂ ‘ਚ ਸਥਾਪਤ ਹੋਏ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਬੁੱਤ ਬਾਰੇ ਉਨ੍ਹਾਂ ਕਿਹਾ ਕਿ ਕੁਝ ਤਕਨੀਕੀ ਰੁਕਾਵਟਾਂ ਦੂਰ ਕਰਨ ਮਗਰੋਂ ਜਲਦੀ ਇਸ ਬੁੱਤ ਦਾ ਉਦਘਾਟਨ ਕੀਤਾ ਜਾਵੇਗਾ।