ਜਗਰਾਉਂ ਨੇੜਲੇ ਪਿੰਡ ਭੰਮੀਪੁਰਾ ਦੀ ਮੈਂਬਰ ਪੰਚਾਇਤ ਜਸਵੀਰ ਕੌਰ ਦੀ ਧੀ ਅਤੇ ਕਰੀਬ ਪੰਜ ਮਹੀਨੇ ਪਹਿਲਾਂ ਹਾਂਗਕਾਂਗ ਗਈ 22 ਸਾਲਾ ਕਿਰਨਜੋਤ ਕੌਰ ਦੀ ਉਥੇ ਕੰਮ ਦੌਰਾਨ ਮੌਤ ਹੋ ਗਈ। ਉਹ ਇਕ ਇਮਾਰਤ ਦੇ ਸ਼ੀਸ਼ੇ ਸਾਫ ਕਰ ਰਹੀ ਸੀ ਜਦੋਂ ਡਿੱਗਣ ਕਰਕੇ ਗੰਭੀਰ ਜ਼ਖਮੀ ਹੋ ਗਈ। ਉਸ ਨੂੰ ਜ਼ਖਮੀ ਹਾਲਤ ‘ਚ ਜਦੋਂ ਹਸਪਤਾਲ ਲਿਜਾਇਆ ਜਾ ਰਿਹਾ ਸੀ ਰਸਤੇ ‘ਚ ਹੀ ਉਸ ਦੀ ਮੌਤ ਹੋ ਗਈ। ਪਰਿਵਾਰ ਵੱਲੋਂ ਕਿਰਨਜੋਤ ਕੌਰ ਦੀ ਦੇਹ ਲਿਆਉਣ ਲਈ ਚਾਰਾਜੋਈ ਕੀਤੀ ਜਾ ਰਹੀ ਅਤੇ ਉਹ ਸਰਕਾਰ ਤੇ ਪ੍ਰਸ਼ਾਸਨ ਤੋਂ ਇਸ ‘ਚ ਸਹਾਇਤਾ ਦੀ ਮੰਗ ਕਰ ਰਹੇ ਹਨ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਿਰਨਜੋਤ ਕੌਰ ਪਿਛਲੇ ਸਾਲ ਅਗਸਤ ‘ਚ ਵਰਕ ਪਰਮਿਟ ‘ਤੇ ਹਾਂਗਕਾਂਗ ਗਈ ਸੀ। ਜ਼ਿੰਦਗੀ ਸੁਖਾਲੀ ਤੇ ਸੁਪਨੇ ਸਾਕਾਰ ਕਰਨ ਲਈ ਉਹ ਠੀਕਠਾਕ ਉਥੇ ਪਹੁੰਚ ਗਈ ਸੀ ਅਤੇ ਉਸਨੂੰ ਕੰਮ ਵੀ ਮਿਲ ਗਿਆ ਸੀ। ਬੀਤੇ ਦਿਨ ਉਹ ਕੰਮ ‘ਤੇ ਗਈ ਅਤੇ ਜਿਸ ਕੰਪਨੀ ‘ਚ ਕੰਮ ਕਰਦੀ ਸੀ ਉਸਨੇ ਕਿਰਨਜੋਤ ਕੌਰ ਨੂੰ ਬਹੁਮੰਜ਼ਿਲਾ ਮਾਲ ਦੇ ਬਾਹਰ ਸ਼ੀਸ਼ੇ ਸਾਫ ਕਰਨ ਦਾ ਕੰਮ ਸੌਂਪ ਦਿੱਤਾ। ਤਿੰਨ ਘੰਟੇ ਕੰਮ ਕਰਨ ਤੋਂ ਬਾਅਦ ਅਚਾਨਕ ਉਸਦਾ ਪੈਰ ਤਿਲਕ ਗਿਆ ਅਤੇ ਉਹ ਹੇਠਾਂ ਸਿੱਧੀ ਫਰਸ਼ ‘ਤੇ ਆ ਡਿੱਗੀ। ਜਿਵੇਂ ਹੀ ਕੰਪਨੀ ਪ੍ਰਬੰਧਕਾਂ ਨੇ ਪਿੰਡ ਭੰਮੀਪੁਰਾ ਫੋਨ ਕਰਕੇ ਕਿਰਨਜੋਤ ਕੌਰ ਦੀ ਮੌਤ ਦੀ ਖ਼ਬਰ ਦਿੱਤੀ ਤਾਂ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਕਿਰਨਜੋਤ ਦੇ ਪਿਤਾ ਜਸਵੰਤ ਸਿੰਘ ਸਾਧਾਰਨ ਕਿਸਾਨ ਹਨ ਅਤੇ ਉਨ੍ਹਾਂ ਸਰਕਾਰ ਤੋਂ ਕਿਰਨਜੋਤ ਦੀ ਦੇਹ ਭਾਰਤ ਲਿਆਉਣ ਲਈ ਮਦਦ ਦੀ ਅਪੀਲ ਕੀਤੀ ਹੈ।