ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਸਰਕਾਰ ਨੇ ਉੱਚ ਸਨਮਾਨ ‘ਮੈਡਲ ਆਫ਼ ਗੁੱਡ ਸਿਟੀਜ਼ਨਸ਼ਿਪ 2022’ ਲਈ ਚੁਣੇ ਗਏ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਆਰਡਰ ਆਫ਼ ਬੀ.ਸੀ. ਤੋਂ ਬਾਅਦ ਸੂਬਾ ਸਰਕਾਰ ਵੱਲੋਂ ਦਿੱਤੇ ਜਾਂਦੇ ਦੂਜੇ ਵੱਡੇ ਉੱਚ ਸਨਮਾਨ ‘ਮੈਡਲ ਆਫ਼ ਗੁੱਡ ਸਿਟੀਜ਼ਨਸ਼ਿਪ’ ਲਈ 15 ਵਿਅਕਤੀਆਂ ਨੂੰ ਚੁਣਿਆ ਗਿਆ ਹੈ ਜਿਨ੍ਹਾਂ ‘ਚ ਵਿਕਟੋਰੀਆ ਨਿਵਾਸੀ ਪੰਜਾਬਣ ਕੇਰਨ ਹੀਰਾ ਨੂੰ ਵੀ ਇਹ ਸਨਮਾਨ ਮਿਲੇਗਾ। ਕੇਰਨ ਹੀਰਾ ਇਸ ਵੱਕਾਰੀ ਸਨਮਾਨ ਲਈ ਚੁਣੀ ਜਾਣ ਵਾਲੀ ਇਕੋ-ਇਕ ਪੰਜਾਬਣ ਹੈ। ਬ੍ਰਿਟਿਸ਼ ਕੋਲੰਬੀਆ ਸਰਕਾਰ ਵਲੋਂ ਇਹ ਸਨਮਾਨ ਉਨ੍ਹਾਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਸਿਹਤ, ਸਿੱਖਿਆ ਅਤੇ ਸਮਾਜ ਸੇਵਾ ਦੇ ਖੇਤਰ ‘ਚ ਅਹਿਮ ਯੋਗਦਾਨ ਪਾਇਆ ਹੋਵੇ। ਕੇਰਨ ਹੀਰਾ ਵਿਕਟੋਰੀਆ ਇੰਮੀਗਰਾਂਟ ਐਂਡ ਰਫਿਊਜ਼ੀ ਸੈਂਟਰ ਸੁਸਾਇਟੀ ਅਤੇ ਓਸਿਸ ਸੁਸਾਇਟੀ ਫ਼ਾਰ ਦੀ ਸਪਿਰਚੂਅਲ ਹੈਲਥ ਆਫ਼ ਵਿਕਟੋਰੀਆ ਦੀ ਐਗਜ਼ੀਕਿਊਟਿਵ ਡਾਇਰੈਕਟਰ ਹੈ। ਕੇਰਨ ਹੀਰਾ ਨੇ ਪਬਲਿਕ ਐਡਮਿਨਸਟ੍ਰੇਸ਼ਨ ਵਿਸ਼ੇ ‘ਤੇ ਪੀਐੱਚਡੀ। ਕੀਤੀ ਹੋਈ ਹੈ। ਇਨਾਮ ਵੰਡ ਸਮਾਗਮ ਮਾਰਚ 2023 ‘ਚ ਹੋਵੇਗਾ। 16 ਸਾਲ ਦੀ ਉਮਰ ‘ਚ ਹੀਰਾ ਨੇ ਕਈ ਨੌਕਰੀਆਂ ਕਰ ਕੇ ਆਪਣੀ ਮਾਂ ਦੀ ਵਿੱਤੀ ਮਦਦ ਕੀਤੀ ਅਤੇ ਨਾਲ ਹੀ ਆਪਣੇ ਵਿਦਿਅਕ ਟੀਚਿਆਂ ਨਾਲ ਸਬੰਧਤ ਖਰਚਿਆਂ ਨੂੰ ਵੀ ਪੂਰਾ ਕੀਤਾ। 2015 ‘ਚ ਕੇਰਨ ਹੀਰਾ ਨੇ ਵਿਕਟੋਰੀਆ ਯੂਨੀਵਰਸਿਟੀ ‘ਚ ਵਿਸ਼ੇਸ਼ਤਾ ਨਾਲ ਸਮਾਜਿਕ ਕਾਰਜ ਦੀ ਡਿਗਰੀ ਪੂਰੀ ਕੀਤੀ। ਬਾਅਦ ‘ਚ ਉਸਨੇ 2018 ‘ਚ ਪਬਲਿਕ ਐਡਮਿਨਿਸਟ੍ਰੇਸ਼ਨ ਦੀ ਮਾਸਟਰ ਡਿਗਰੀ ਪੂਰੀ ਕੀਤੀ ਅਤੇ ਇਸ ਸਮੇਂ ਲੋਕ ਪ੍ਰਸ਼ਾਸਨ ‘ਚ ਆਪਣੀ ਪੀਐੱਚਡੀ ‘ਤੇ ਕੰਮ ਕਰ ਰਹੀ ਹੈ। ਪੈਨਲ ਦੁਆਰਾ ਚੁਣੇ ਗਏ 15 ਵਿਅਕਤੀਆਂ ਵਿੱਚੋਂ ਦੋ ਵਿਕਟੋਰੀਆ ਨਿਵਾਸੀ ਕੇਰਨ ਹੀਰਾ ਅਤੇ ਰੌਨ ਰਾਈਸ ਹਨ। ਰਾਈਸ ਨੂੰ ਇਕ ਸਮਰਪਿਤ ਸਵਦੇਸ਼ੀ ਭਾਈਚਾਰੇ ਦੇ ਨੇਤਾ, ਵਲੰਟੀਅਰ ਅਤੇ ਬੋਰਡ ਚੇਅਰ ਵਜੋਂ ਦਰਸਾਇਆ ਗਿਆ ਹੈ, ਜਿਸਨੂੰ ਸ਼ਹਿਰੀ ਆਦਿਵਾਸੀ ਲੋਕਾਂ ਲਈ ਇਕ ਰੋਲ ਮਾਡਲ ਵਜੋਂ ਆਪਣੀ ਵਚਨਬੱਧਤਾ ਲਈ ਮਾਨਤਾ ਦਿੱਤੀ ਗਈ। ਪ੍ਰੈਸ ਰਿਲੀਜ਼ ‘ਚ ਬੀ.ਸੀ. ਪ੍ਰੀਮੀਅਰ ਡੇਵਿਡ ਈਬੀ ਨੇ ਕਿਹਾ ਕਿ ਹੀਰਾ ਅਤੇ ਰਾਈਸ ਸਮੇਤ ਉਨ੍ਹਾਂ ਲੋਕਾਂ ਨੂੰ ਸਨਮਾਨਿਤ ਕਰਨਾ ਉਨ੍ਹਾਂ ਲਈ ਸਨਮਾਨ ਦੀ ਗੱਲ ਹੈ ਜੋ ਮਨੁੱਖਤਾਵਾਦੀ ਕੰਮਾਂ ਰਾਹੀਂ ਆਪਣੇ ਭਾਈਚਾਰਿਆਂ ਦੀ ਸਹਾਇਤਾ ਕਰਨ ਲਈ ਯਤਨਸ਼ੀਲ ਹਨ।


