ਭਾਜਪਾ ਦੇ ਸੀਨੀਅਰ ਆਗੂ ਅਤੇ ਮੋਦੀ ਹਕੂਮਤ ‘ਚ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਤਿੱਖੇ ਰਗੜੇ ਲਾਏ ਅਤੇ ਦਾਅਵਾ ਕੀਤਾ ਕਿ ਪੰਜਾਬੀਆਂ ਦਾ ਛੇ ਮਹੀਨੇ ‘ਚ ਹੀ ਇਸ ਸਰਕਾਰ ਤੋਂ ਮੋਹ ਭੰਗ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਸੂਬੇ ਦੇ ਅਮਨ ਕਾਨੂੰਨ ਪ੍ਰਤੀ ਗੈਰਜ਼ਿੰਮੇਵਾਰਾਨਾ ਰਵੱਈਆ ਸਰਹੱਦੀ ਸੂਬੇ ਪੰਜਾਬ ਦੇ ਹਾਲਾਤ ਨੂੰ ਖਰਾਬ ਕਰੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਦਲਾਅ ਦੇ ਭਰੋਸੇ ਨਾਲ ਪੰਜਾਬ ਦੀ ਵਾਗਡੋਰ ਸੌਂਪਣ ਵਾਲੇ ਪੰਜਾਬੀਆਂ ਨੇ ਸੰਗਰੂਰ ਲੋਕ ਸਭਾ ਚੋਣ ਵਿੱਚ ‘ਆਪ’ ਨੂੰ ਵੱਡੀ ਹਾਰ ਦੇ ਕੇ ਸਾਬਤ ਕਰ ਦਿੱਤਾ ਹੈ ਕਿ ਸੂਬੇ ਦੇ ਲੋਕਾਂ ਦਾ ਮੋਹ ‘ਆਪ’ ਸਰਕਾਰ ਤੋਂ ਭੰਗ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਹਲਕੇ ਅੰਦਰ ਮੁਕੇਰੀਆਂ-ਤਲਵਾੜਾ ਰੇਲ ਮਾਰਗ ਦੇ ਪੁਨਰ-ਨਿਰਮਾਣ ਲਈ ਕੇਂਦਰ ਸਰਕਾਰ ਤੇਜ਼ੀ ਨਾਲ ਕੰਮ ਕਰ ਰਹੀ ਹੈ ਜਿਸ ਅਧੀਨ 411 ਕਰੋੜ ਰੁਪਏ ਦੀ ਲਾਗਤ ਨਾਲ 27।70 ਕਿਲੋਮੀਟਰ ਲੰਬੀ ਰੇਲ ਲਾਈਨ ਦੀ ਉਸਾਰੀ ਕੀਤੀ ਜਾ ਰਹੀ ਹੈ। ਕੇਂਦਰੀ ਮੰਤਰੀ ਦੀ ਪ੍ਰੈੱਸ ਕਾਨਫਰੰਸ ਭਾਜਪਾ ਵਿਧਾਇਕ ਜੰਗੀ ਲਾਲ ਮਹਾਜਨ ਵੱਲੋਂ ਸ਼ਹਿਰ ਦੇ ਗੰਦੇ ਨਾਲੇ ‘ਤੇ ਕਥਿਤ ਨਾਜਾਇਜ਼ ਕਬਜ਼ਾ ਕਰਕੇ ਬਣਾਏ ਭਾਜਪਾ ਦਫ਼ਤਰ ‘ਚ ਸੱਦੀ ਗਈ। ਕਾਂਗਰਸੀ ਕੌਂਸਲਰ ਤੇ ਸਾਬਕਾ ਮੀਤ ਪ੍ਰਧਾਨ ਰਣਯੋਧ ਸਿੰਘ ਕੁੱਕੂ ਨੇ ਦੱਸਿਆ ਕਿ ਭਾਜਪਾ ਨੇ ਆਪਣਾ ਦਫ਼ਤਰ ਬਣਾਉਣ ਮੌਕੇ ਨਗਰ ਕੌਂਸਲ ਵੱਲੋਂ ਬਣਾਏ ਪਖਾਨੇ ਢਾਹ ਦਿੱਤੇ ਸਨ ਤੇ ਇਹ ਦਫ਼ਤਰ ਨਾਜਾਇਜ਼ ਕਬਜ਼ਾ ਕਰ ਕੇ ਬਣਾਇਆ ਗਿਆ ਹੈ। ਉਨ੍ਹਾਂ ਹੈਰਾਨੀ ਪ੍ਰਗਟਾਈ ਕਿ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਸਖਤ ਕਾਰਵਾਈ ਦਾ ਦਾਅਵਾ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਅਜਿਹੇ ਕਬਜ਼ਿਆਂ ਪ੍ਰਤੀ ਚੁੱਪ ਕਿਉਂ ਹੈ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਮਿਨਹਾਸ ਨੇ ਗੰਦੇ ਨਾਲੇ ‘ਤੇ ਕਬਜ਼ਾ ਕਰ ਕੇ ਦਫ਼ਤਰ ਬਣਿਆ ਹੋਣ ਬਾਰੇ ਅਨਜਾਣਤਾ ਪ੍ਰਗਟਾਉਂਦਿਆਂ ਕਿਹਾ ਕਿ ਇਸ ਬਾਰੇ ਤਾਂ ਵਿਧਾਇਕ ਜੰਗੀ ਲਾਲ ਮਹਾਜਨ ਹੀ ਦੱਸ ਸਕਦੇ ਹਨ।