ਹਰਫਨਮੌਲਾ ਖਿਡਾਰੀ ਹਾਰਦਿਕ ਪਾਂਡਿਆ ਏਸ਼ੀਆ ਕੱਪ ‘ਚ ਪਾਕਿਸਤਾਨ ਖ਼ਿਲਾਫ਼ ਬਿਹਤਰੀਨ ਪ੍ਰਦਰਸ਼ਨ ਬਾਅਦ ਕੌਮਾਂਤਰੀ ਕ੍ਰਿਕਟ ਕੌਂਸਲ ਦੀ ਟੀ-20 ਕੌਮਾਂਤਰੀ ਹਰਫਨਮੌਲਾ ਰੈਂਕਿੰਗ ‘ਚ ਅੱਠ ਸਥਾਨ ਉੱਪਰ ਚੜ੍ਹ ਕੇ ਪੰਜਵੇਂ ਨੰਬਰ ‘ਤੇ ਪੁੱਜ ਗਿਆ ਹੈ। ਇਹ ਉਸ ਦੇ ਕਰੀਅਰ ਦੀ ਸਭ ਤੋਂ ਬਿਹਤਰੀਨ ਰੈਂਕਿੰਗ ਹੈ। ਹਾਰਦਿਕ ਨੇ 25 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ ਅਤੇ ਮਹਿਜ਼ 17 ਗੇਂਦਾਂ ‘ਤੇ ਨਾਬਾਦ 33 ਦੌੜਾਂ ਬਣਾਈਆਂ ਅਤੇ ਇੰਡੀਆ ਦੀ ਜਿੱਤ ‘ਚ ਅਹਿਮ ਯੋਗਦਾਨ ਪਾਇਆ। ਉਸ ਦਾ ਬਿਹਤਰੀਨ ਪ੍ਰਦਰਸ਼ਨ ਦਰਸਾਉਂਦਾ ਹੈ ਕਿ ਆਸਟਰੇਲੀਆ ‘ਚ ਆਗਾਮੀ ਟੀ-20 ਵਿਸ਼ਵ ਕੱਪ ‘ਚ ਭਾਰਤੀ ਮੁਹਿੰਮ ‘ਚ ਉਸ ਦੀ ਭੂਮਿਕਾ ਕਿੰਨੀ ਅਹਿਮ ਹੋਵੇਗੀ। ਹਰਫਨਮੌਲਾ ਖਿਡਾਰੀਆਂ ਦੀ ਸੂਚੀ ‘ਚ ਰਵਿੰਦਰ ਜੇਡਜਾ ਸਿਖਰ ‘ਤੇ ਕਾਇਮ ਹੈ। ਇਕ ਰੋਜ਼ਾ ਕੌਮਾਂਤਾਰੀ ਰੈਂਕਿੰਗ ‘ਚ ਸਿਖਰਲੇ ਦਸ ‘ਚ ਕੋਈ ਬਦਲਾਅ ਨਜ਼ਰ ਨਹੀਂ ਆਇਆ।