ਪਾਕਿਸਤਾਨ ‘ਚ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਹੋਈ ਹੈ ਅਤੇ ਸੈਂਕੜੇ ਲੋਕਾਂ ਦੀ ਹੜ੍ਹਾਂ ਕਰਕੇ ਮੌਤ ਵੀ ਹੋਈ ਹੈ। ਇਸ ਮਾੜੇ ਸਮੇਂ ‘ਚ ਕੈਨੇਡਾ ਸਰਕਾਰ ਪਾਕਿਸਤਾਨ ਦੀ ਮਦਦ ਲਈ ਅੱਗੇ ਆਈ ਹੈ। ਇਸ ਦੇ ਚਲਦਿਆਂ ਕੌਮਾਂਤਰੀ ਵਿਕਾਸ ਮੰਤਰੀ ਹਰਜੀਤ ਸਿੰਘ ਸੱਜਣ ਨੇ ਪਾਕਿਸਤਾਨ ਨੂੰ 5 ਮਿਲੀਅਨ ਡਾਲਰ ਵਿੱਤੀ ਮਦਦ ਵਜੋਂ ਦੇਣ ਦਾ ਐਲਾਨ ਕੀਤਾ। ਪਾਕਿਸਤਾਨ ‘ਚ ਜੂਨ ਮਹੀਨੇ ਤੋਂ ਲੈ ਕੇ ਹੁਣ ਤਕ ਭਾਰੀ ਮੀਂਹ ਤੇ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ। ਇਸ ਦੌਰਾਨ ਲਗਭਗ ਇਕ ਹਜ਼ਾਰ ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਤੇ ਦੇਸ਼ ਭਰ ‘ਚ 33 ਮਿਲੀਅਨ ਲੋਕਾਂ ਦਾ ਜੀਵਨ ਤਹਿਸ-ਨਹਿਸ ਹੋ ਗਿਆ। ਹਰਜੀਤ ਸਿੰਘ ਸੱਜਣ ਨੇ ਕਿਹਾ ਕਿ ਜਿਹੜੇ ਹਾਲਾਤ ਵਿੱਚੋਂ ਪਾਕਿਸਤਾਨ ਲੰਘ ਰਿਹਾ ਹੈ, ਅਜਿਹੇ ਵਿੱਚ ਸਾਰੇ ਦੇਸ਼ਾਂ ਨੂੰ ਪਾਕਿਸਤਾਨ ਦਾ ਸਾਥ ਦੇਣਾ ਚਾਹੀਦਾ ਹੈ ਤਾਂ ਜੋ ਮੁਸੀਬਤ ‘ਚ ਫਸੇ ਲੋਕਾਂ ਨੂੰ ਕੁਝ ਰਾਹਤ ਮਿਲ ਸਕੇ।
ਓਧਰ ਅਮਰੀਕਾ ਨੇ ਹੜ੍ਹਾਂ ਨਾਲ ਜੂਝ ਰਹੇ ਪਾਕਿਸਤਾਨ ਨੂੰ ਮਨੁੱਖੀ ਆਧਾਰ ‘ਤੇ ਤਿੰਨ ਕਰੋੜ ਡਾਲਰ ਦੀ ਮਦਦ ਕਰਨ ਦਾ ਐਲਾਨ ਕੀਤਾ ਹੈ। ਅਮਰੀਕਨ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ, ‘ਅਸੀਂ ਇਸ ਮੁਸ਼ਕਲ ਘੜੀ ‘ਚ ਪਾਕਿਸਤਾਨ ਦੇ ਨਾਲ ਖੜ੍ਹੇ ਹਾਂ।’ ਉਨ੍ਹਾਂ ਕਿਹਾ, ‘ਪਾਕਿਸਤਾਨ ਦੇ ਭਿਆਨਕ ਹੜ੍ਹਾਂ ਦੀ ਮਾਰ ਹੇਠ ਆਉਣ ਕਾਰਨ ਅਮਰੀਕਾ ‘ਯੂ.ਐੱਸ.ਏ.ਆਈ.ਡੀ. ਰਾਹੀਂ ਖਾਣਾ, ਸਾਫ ਪਾਣੀ ਅਤੇ ਪਨਾਹਗਾਹਾਂ ਜਿਹੀਆਂ ਅਹਿਮ ਸਹੂਲਤਾਂ ਲਈ ਮਦਦ ਮੁਹੱਈਆ ਕਰਵਾ ਰਿਹਾ ਹੈ।’ ਵਿਦੇਸ਼ ਮੰਤਰਾਲੇ ਦੇ ਮੁੱਖ ਉਪ ਤਰਜਮਾਨ ਵੇਦਾਂਤ ਪਟੇਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਹੜ੍ਹਾਂ ਨਾਲ ਲਗਪਗ 3.3 ਕਰੋੜ ਲੋਕ ਪ੍ਰਭਾਵਿਤ ਹੋਏ ਹਨ ਅਤੇ 1100 ਤੋਂ ਵੱਧ ਲੋਕਾਂ ਦੀ ਜਾਨ ਗਈ ਹੈ ਜਦਕਿ 1600 ਤੋਂ ਵੱਧ ਜ਼ਖ਼ਮੀ ਹੋਏ ਹਨ। ਉਨ੍ਹਾਂ ਕਿਹਾ, ‘ਹੜ੍ਹਾਂ ਕਾਰਨ ਦਸ ਲੱਖ ਤੋਂ ਵੱਧ ਘਰਾਂ, ਜੀਵਨ ਨਿਰਬਾਹ ਦੇ ਵੱਡੇ ਸਰੋਤ 7,35,000 ਪਸ਼ੂਆਂ ਤੋਂ ਇਲਾਵਾ ਸੜਕਾਂ ਅਤੇ ਵੀਹ ਲੱਖ ਏਕੜ ਤੋਂ ਵੱਧ ਖੇਤੀਬਾੜੀ ਵਾਲੀ ਜ਼ਮੀਨ ਦਾ ਨੁਕਸਾਨ ਹੋਇਆ ਹੈ।’ ਪਟੇਲ ਨੇ ਦੱਸਿਆ ਕਿ ‘ਯੂਨਾਈਟਿਡ ਸਟੇਟਸ ਏਜੰਸੀ ਫਾਰ ਇੰਟਰਨੈਸ਼ਨਲ ਦੇ ਭਾਈਵਾਲ ਇਸ ਫੰਡ ਦੀ ਵਰਤੋਂ ਖਾਣਾ, ਪੋਸ਼ਣ, ਪੀਣ ਵਾਲਾ ਪਾਣੀ, ਸਫ਼ਾਈ, ਪਨਾਹ ਮੁਹੱਈਆ ਕਰਵਾਉਣ ਲਈ ਕਰੇਗਾ।
ਪਾਕਿਸਤਾਨ ਨੂੰ 5 ਮਿਲੀਅਨ ਡਾਲਰ ਦੀ ਵਿੱਤੀ ਮਦਦ ਦੇਵੇਗਾ ਕੈਨੇਡਾ, ਅਮਰੀਕਾ ਵੱਲੋਂ ਵੀ ਐਲਾਨ
Related Posts
Add A Comment