ਮੋਗਾ ਦੇ ਹਾਈਵੇ ‘ਤੇ ਸਥਿਤ ਲਾਲਾ ਲਾਜਪਤ ਰਾਏ ਕਾਲਜ ਦੇ ਹੋਸਟਲ ‘ਚ ਰਹਿ ਕੇ ਪੜ੍ਹਾਈ ਕਰ ਰਹੇ ਅਤੇ ਬਿਹਾਰ ਦੇ ਵਿਦਿਆਰਥੀਆਂ ਦਰਮਿਆਨ ਟੀ-20 ਵਰਲਡ ਕੱਪ ਦੇ ਫਾਈਨਲ ‘ਚ ਇੰਗਲੈਂਡ ਦੇ ਹੱਥੋਂ ਪਾਕਿਸਤਾਨ ਦੀ ਹੋਈ ਹਾਰ ਉਪਰੰਤ ਉਸ ਸਮੇਂ ਖੂਨੀ ਝੜਪ ਹੋ ਗਈ, ਜਦੋਂ ਬਿਹਾਰ ਦੇ ਵਿਦਿਆਰਥੀ ਇੰਗਲੈਂਡ ਦੀ ਜਿੱਤ ਦਾ ਜਸ਼ਨ ਮਨਾ ਰਹੇ ਸਨ ਤਾਂ ਉਸ ਸਮੇਂ ਜੰਮੂ-ਕਸ਼ਮੀਰ ਦੇ ਵਿਦਿਆਰਥੀਆਂ ਨੇ ਕਥਿਤ ਤੌਰ ‘ਤੇ ਉਨ੍ਹਾਂ ਦਾ ਵਿਰੋਧ ਕੀਤਾ। ਇਸ ਦੌਰਾਨ ਤੂੰ-ਤੂੰ, ਮੈਂ-ਮੈਂ ਤੋਂ ਬਾਅਦ ਮਾਮਲਾ ਇੰਨਾ ਵਧ ਗਿਆ ਕਿ ਵਿਦਿਆਰਥੀਆਂ ਨੇ ਇਕ-ਦੂਜੇ ‘ਤੇ ਹਮਲਾ ਕਰ ਦਿੱਤਾ। ਇਸ ਹਮਲੇ ਦਰਮਿਆਨ ਬਿਹਾਰ ਦੇ ਕਈ ਵਿਦਿਆਰਥੀ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਮੋਗਾ ‘ਚ ਦਾਖ਼ਲ ਕਰਵਾਇਆ ਗਿਆ। ਦੂਜੇ ਪਾਸੇ ਜ਼ਿਲ੍ਹਾ ਪੁਲੀਸ ਮੁਖੀ ਗੁਲਨੀਤ ਸਿੰਘ ਖੁਰਾਣਾ ਨੇ ਤੁਰੰਤ ਪੁਲੀਸ ਪਾਰਟੀਆਂ ਭੇਜ ਕੇ ਮਾਮਲੇ ‘ਤੇ ਕਾਬੂ ਪਾਇਆ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਟੈਲੀਵਿਜ਼ਨ ‘ਤੇ ਮੈਚ ਦੇਖ ਰਹੇ ਬਿਹਾਰ ਦੇ ਵਿਦਿਆਰਥੀਆਂ ਨੇ ਜਦੋਂ ਇੰਗਲੈਂਡ ਦੀ ਜਿੱਤ ਦਾ ਜਸ਼ਨ ਮਨਾਉਣਾ ਸ਼ੁਰੂ ਕੀਤਾ ਤਾਂ ਜੰਮੂ-ਕਸ਼ਮੀਰ ਦੇ ਵਿਦਿਆਰਥੀਆਂ ਨੇ ਇਸ ਦਾ ਵਿਰੋਧ ਕੀਤਾ। ਬਿਹਾਰ ਦੇ ਵਿਦਿਆਰਥੀ ਰਾਜਵਿਨ ਪਾਂਡੇ ਨੇ ਦੋਸ਼ ਲਗਾਇਆ ਕਿ ਇੰਗਲੈਂਡ ਦੀ ਜਿੱਤ ‘ਤੇ ਉਹ ਖੁਸ਼ੀ ਦਾ ਪ੍ਰਗਟਾਵਾ ਕਰ ਰਹੇ ਸਨ ਤਾਂ ਇਸ ਦਰਮਿਆਨ ਹੀ ਉਨ੍ਹਾਂ ਭਾਰਤ ਜ਼ਿੰਦਾਬਾਦ ਦੇ ਨਾਅਰੇ ਲਗਾਏ, ਜਦਕਿ ਜੰਮੂ-ਕਸ਼ਮੀਰ ਦੇ ਵਿਦਿਆਰਥੀਆਂ ਨੇ ਪਾਕਿਸਤਾਨ ਦੇ ਪੱਖ ‘ਚ ਨਾਅਰੇ ਲਗਾਏ। ਉਨ੍ਹਾਂ ਕਿਹਾ ਕਿ ਉਹ ਭਾਰਤ ਦੇਸ਼ ਦੇ ਨਿਵਾਸੀ ਹਨ ਅਤੇ ਕਿਸੇ ਤੋਂ ਵੀ ਭਾਰਤ ਦੇਸ਼ ਦਾ ਵਿਰੋਧ ਨਹੀਂ ਸੁਣ ਸਕਦੇ। ਉਨ੍ਹਾਂ ਕਿਹਾ ਕਿ ਉਹ ਪੜ੍ਹਾਈ ਕਰਨ ਤੋਂ ਬਾਅਦ ਇਥੇ ਆਏ ਹਨ ਪਰ ਜੰਮੂ-ਕਸ਼ਮੀਰ ਦੇ ਵਿਦਿਆਰਥੀ ਜਾਣਬੁੱਝ ਕੇ ਉਨ੍ਹਾਂ ਦੇ ਨਾਲ ਲੜ ਰਹੇ ਹਨ। ਜੰਮੂ-ਕਸ਼ਮੀਰ ਦੇ ਵਿਦਿਆਰਥੀਆਂ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਕੁਝ ਵੀ ਗ਼ਲਤ ਨਹੀਂ ਕੀਤਾ ਪਰ ਜਦ ਉਨ੍ਹਾਂ ਦੇ ਧਰਮ ਪ੍ਰਤੀ ਘਟੀਆ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਤਾਂ ਮਾਮਲਾ ਵਧਿਆ। ਕਾਲਜ ਦੀ ਕਮੇਟੀ ਦੇ ਮੈਂਬਰ ਰਮੇਸ਼ ਸਿੰਗਲਾ ਨੇ ਕਿਹਾ ਕਿ ਵਿਦਿਆਰਥੀਆਂ ਦੇ ਵਿਚਕਾਰ ਜੋ ਥੋੜ੍ਹੀ-ਬਹੁਤ ਲੜਾਈ ਹੋਈ ਹੈ, ਉਸ ਨੂੰ ਸ਼ਾਂਤ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਕਾਲਜ ‘ਚ ਸਥਿਤੀ ਹੁਣ ਆਮ ਦੀ ਤਰ੍ਹਾਂ ਹੈ।