ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਦਾ ਦੇਹਾਂਤ ਹੋ ਗਿਆ ਹੈ। ਪਾਕਿਸਤਾਨੀ ਮੀਡੀਆ ਮੁਤਾਬਕ ਨੇ ਸੂਤਰਾਂ ਦੇ ਹਵਾਲੇ ਨਾਲ ਐਤਵਾਰ ਨੂੰ ਇਹ ਖ਼ਬਰ ਦਿੱਤੀ। ਮੁਸ਼ੱਰਫ ਲੰਬੇ ਸਮੇਂ ਤੋਂ ਬੀਮਾਰ ਚੱਲ ਰਹੇ ਸਨ। ਡੁਬਈ ਦੇ ਹਸਪਤਾਲ ‘ਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਪਰਵੇਜ਼ ਮੁਸ਼ੱਰਫ ਦੀ ਆਖਰੀ ਵੀਡੀਓ ਸਾਹਮਣੇ ਆਈ ਸੀ ਜਿਸ ਤੋਂ ਪਤਾ ਚੱਲਦਾ ਸੀ ਕਿ ਉਹ ਤੁਰਨ-ਫਿਰਨ ਤੋਂ ਅਸਮਰੱਥ ਸੀ। ਉਹ ਪੂਰੀ ਤਰ੍ਹਾਂ ਵ੍ਹੀਲ ਚੇਅਰ ‘ਤੇ ਨਿਰਭਰ ਸੀ ਅਤੇ ਖਾਣਾ ਵੀ ਨਹੀਂ ਖਾ ਸਕਦਾ ਸੀ। ਪਰਵੇਜ਼ ਮੁਸ਼ੱਰਫ ਦਾ ਜਨਮ 11 ਅਗਸਤ 1943 ਨੂੰ ਦਰਿਆਗੰਜ ਨਵੀਂ ਦਿੱਲੀ ‘ਚ ਹੋਇਆ ਸੀ। 1947 ‘ਚ ਉਨ੍ਹਾਂ ਦੇ ਪਰਿਵਾਰ ਨੇ ਪਾਕਿਸਤਾਨ ਜਾਣ ਦਾ ਫ਼ੈਸਲਾ ਕੀਤਾ। ਉਨ੍ਹਾਂ ਦਾ ਪੂਰਾ ਪਰਿਵਾਰ ਵੰਡ ਤੋਂ ਕੁਝ ਦਿਨ ਪਹਿਲਾਂ ਹੀ ਪਾਕਿਸਤਾਨ ਪਹੁੰਚ ਗਿਆ ਸੀ। ਉਸ ਦੇ ਪਿਤਾ ਸਈਦ ਨੇ ਨਵੀਂ ਪਾਕਿਸਤਾਨੀ ਸਰਕਾਰ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਅਤੇ ਵਿਦੇਸ਼ ਮੰਤਰਾਲੇ ਨਾਲ ਜੁੜੇ ਹੋਏ ਸਨ। ਇਸ ਤੋਂ ਬਾਅਦ ਉਨ੍ਹਾਂ ਦੇ ਪਿਤਾ ਦੀ ਟਰਾਂਸਫਰ ਪਾਕਿਸਤਾਨ ਤੋਂ ਤੁਰਕੀ ਹੋ ਗਈ, 1949 ‘ਚ ਉਹ ਤੁਰਕੀ ਚਲੇ ਗਏ। ਕੁਝ ਸਮਾਂ ਉਹ ਆਪਣੇ ਪਰਿਵਾਰ ਨਾਲ ਤੁਰਕੀ ‘ਚ ਰਿਹਾ ਜਦਕਿ ਉਸ ਨੇ ਤੁਰਕੀ ਭਾਸ਼ਾ ਬੋਲਣੀ ਵੀ ਸਿੱਖ ਲਈ। ਮੁਸ਼ੱਰਫ਼ ਵੀ ਜਵਾਨੀ ‘ਚ ਖਿਡਾਰੀ ਵੀ ਰਹੇ। 1957 ‘ਚ ਉਨ੍ਹਾਂ ਦਾ ਪੂਰਾ ਪਰਿਵਾਰ ਪਾਕਿਸਤਾਨ ਪਰਤ ਗਿਆ। ਉਸਨੇ ਆਪਣੀ ਸਕੂਲੀ ਪੜ੍ਹਾਈ ਕਰਾਚੀ ਦੇ ਸੇਂਟ ਪੈਟ੍ਰਿਕ ਸਕੂਲ ਅਤੇ ਕਾਲਜ ਫੋਰਮੈਨ ਕ੍ਰਿਸਚੀਅਨ ਕਾਲਜ, ਲਾਹੌਰ ਤੋਂ ਕੀਤੀ। ਪਰਵੇਜ਼ ਮੁਸ਼ੱਰਫ ਉਹ ਵਿਅਕਤੀ ਹਨ ਜਿਨ੍ਹਾਂ ਨੂੰ ਪਾਕਿਸਤਾਨ ‘ਚ ਮੌਤ ਦੀ ਸਜ਼ਾ ਸੁਣਾਈ ਗਈ ਸੀ। ਪਾਕਿਸਤਾਨ ਦੇ ਇਤਿਹਾਸ ‘ਚ ਪਹਿਲੀ ਵਾਰ ਪੇਸ਼ਾਵਰ ਹਾਈ ਕੋਰਟ ਦੇ ਚੀਫ਼ ਜਸਟਿਸ ਵਕਾਰ ਅਹਿਮਦ ਸੇਠ ਦੀ ਅਗਵਾਈ ਵਾਲੀ ਵਿਸ਼ੇਸ਼ ਅਦਾਲਤ ਦੇ ਤਿੰਨ ਮੈਂਬਰੀ ਬੈਂਚ ਨੇ ਅਜਿਹੀ ਸਜ਼ਾ ਸੁਣਾਈ। ਪਰਵੇਜ਼ ਮੁਸ਼ੱਰਫ ‘ਤੇ ਦਸੰਬਰ 2013 ‘ਚ 3 ਨਵੰਬਰ 2007 ਨੂੰ ਪਾਕਿਸਤਾਨ ‘ਚ ਐਮਰਜੈਂਸੀ ਲਗਾਉਣ ਅਤੇ ਦਸੰਬਰ 2007 ਦੇ ਅੱਧ ਤੱਕ ਸੰਵਿਧਾਨ ਨੂੰ ਮੁਅੱਤਲ ਕਰਨ ਲਈ ਦੇਸ਼ਧ੍ਰੋਹ ਦਾ ਮਾਮਲਾ ਦਰਜ ਕੀਤਾ ਗਿਆ ਸੀ। ਮੁਸ਼ੱਰਫ ਨੂੰ 31 ਮਾਰਚ 2014 ਨੂੰ ਦੋਸ਼ੀ ਠਹਿਰਾਇਆ ਗਿਆ ਸੀ। 79 ਸਾਲਾ ਮੁਸ਼ੱਰਫ ਨੇ 1999 ਤੋਂ 2008 ਤੱਕ ਪਾਕਿਸਤਾਨ ‘ਤੇ ਰਾਜ ਕੀਤਾ। ਮੁਸ਼ੱਰਫ ਮਾਰਚ 2016 ਤੋਂ ਡੁਬਈ ‘ਚ ਰਹਿ ਰਹੇ ਸਨ।