ਖੁਦ ਨੂੰ ਸਰਬਜੀਤ ਸਿੰਘ ਦੀ ਭੈਣ ਦੱਸਣ ਵਾਲੀ ਦਲਬੀਰ ਕੌਰ ਦੀ ਮੌਤ ਤੋਂ ਕੁਝ ਸਮਾਂ ਬਾਅਦ ਹੁਣ ਪਾਕਿਸਤਾਨ ਦੀ ਕੋਟ ਲੱਖਪਤ ਜੇਲ੍ਹ ‘ਚ ਸ਼ਹੀਦ ਹੋਏ ਸਰਬਜੀਤ ਸਿੰਘ ਦੀ ਪਤਨੀ ਸੁਖਪ੍ਰੀਤ ਕੌਰ ਦੀ ਸੜਕ ਹਾਦਸੇ ‘ਚ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਸੁਖਪ੍ਰੀਤ ਕੌਰ ਆਪਣੀ ਲੜਕੀ ਸਵਪਨਦੀਪ ਨੂੰ ਮਿਲਣ ਲਈ ਆਪਣੇ ਗੁਆਂਢੀ ਮੁੱਖਾ ਸਿੰਘ ਨਾਲ ਮੋਟਰਸਾਈਕਲ ‘ਤੇ ਅੰਮ੍ਰਿਤਸਰ ਤੋਂ ਜਲੰਧਰ ਜਾ ਰਹੀ ਸੀ। ਜਦੋਂ ਉਹ ਅੰਮ੍ਰਿਤਸਰ ਦੇ ਖਜ਼ਾਨਾ ਗੇਟ ਕੋਲ ਪੁੱਜੇ ਤਾਂ ਸੜਕ ‘ਤੇ ਟੋਏ ਜ਼ਿਆਦਾ ਹੋਣ ਕਾਰਨ ਮੋਟਰਸਾਈਕਲ ਦੇ ਪਿੱਛਿਓਂ ਸੁਖਪ੍ਰੀਤ ਕੌਰ ਹੇਠਾਂ ਡਿੱਗ ਪਈ ਅਤੇ ਸਿਰ ‘ਚ ਗੰਭੀਰ ਸੱਟ ਲੱਗ ਗਈ, ਜਿਸ ਨੂੰ ਅੰਮ੍ਰਿਤਸਰ ਦੇ ਮਹਾਜਨ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ। ਹਸਪਤਾਲ ‘ਚ ਉਨ੍ਹਾਂ ਦੀ ਇਲਾਜ ਦੌਰਾਨ ਮੌਤ ਹੋ ਗਈ। ਸੁਖਪ੍ਰੀਤ ਕੌਰ ਦਾ ਅੰਤਿਮ ਸੰਸਕਾਰ ਮੰਗਲਵਾਰ ਨੂੰ ਭਿੱਖੀਵਿੰਡ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ। ਜ਼ਿਕਰਯੋਗ ਹੈ ਕਿ ਭਾਰਤੀ ਸਰਬਜੀਤ ਸਿੰਘ ਨੂੰ ਪਾਕਿਸਤਾਨ ਦੀ ਇਕ ਅਦਾਲਤ ਨੇ ਅੱਤਵਾਦ ਅਤੇ ਜਾਸੂਸੀ ਲਈ ਦੋਸ਼ੀ ਠਹਿਰਾਇਆ ਸੀ ਅਤੇ 1991 ‘ਚ ਮੌਤ ਦੀ ਸਜ਼ਾ ਸੁਣਾਈ ਸੀ । ਹਾਲਾਂਕਿ ਸਰਕਾਰ ਨੇ 2008 ‘ਚ ਸਰਬਜੀਤ ਦੀ ਫਾਂਸੀ ‘ਤੇ ਅਣਮਿੱਥੇ ਸਮੇਂ ਲਈ ਰੋਕ ਲਾ ਦਿੱਤੀ ਸੀ ਤਾਂ ਕਿ ਉਸ ਦੇ ਪਤੀ ਨੂੰ ਜੇਲ ‘ਚੋਂ ਬਾਹਰ ਕੱਢਣ ਲਈ ਸੁਖਪ੍ਰੀਤ ਕੌਰ ਨੇ ਕਾਫੀ ਕੋਸ਼ਿਸ਼ਾਂ ਕੀਤੀਆਂ ਸਨ ਪਰ ਅਪ੍ਰੈਲ 2013 ‘ਚ ਸਰਬਜੀਤ ਸਿੰਘ ਲਾਹੌਰ ‘ਚ ਕੈਦੀਆਂ ਦੀ ਲੜਾਈ ਤੋਂ ਬਾਅਦ ਮਾਰਿਆ ਗਿਆ ਸੀ।