ਮੌਨਸੂਨ ਦੀ ਬਾਰਿਸ਼ ਨੇ ਪਾਕਿਸਤਾਨ ’ਚ ਤਬਾਹੀ ਮਚਾਈ ਹੋਈ ਹੈ। ਬਰਸਾਤ ਕਾਰਨ ਹਾਲਾਤ ਇਹ ਹਨ ਕਿ ਇਸ ਨੇ ਕਈ ਸਾਲਾਂ ਦੇ ਰਿਕਾਰਡ ਤੋਡ਼ ਦਿੱਤੇ ਹਨ ਅਤੇ ਦੂਰ-ਦੁਰਾਡੇ ਦੇ ਇਲਾਕਿਆਂ ’ਚ ਵੀ ਬਚਾਅ ਕਾਰਜਾਂ ’ਚ ਰੁਕਾਵਟ ਆ ਰਹੀ ਹੈ। ਪਾਕਿਸਤਾਨ ਦੀ ਜਲਵਾਯੂ ਪਰਿਵਰਤਨ ਮੰਤਰੀ ਸ਼ੈਰੀ ਰਹਿਮਾਨ ਨੇ ਕਿਹਾ ਕਿ ਦੇਸ਼ ’ਚ ਜ਼ਿਆਦਾ ਬਾਰਸ਼ ਕਾਰਨ 77 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਇਕੱਲੇ ਬਲੋਚਿਸਤਾਨ ਸੂਬੇ ’ਚ 39 ਲੋਕਾਂ ਦੀ ਮੌਤ ਹੋਈ ਹੈ। ਰਹਿਮਾਨ ਨੇ ਮੀਂਹ ਕਾਰਨ ਹੋਈਆਂ ਮੌਤਾਂ ਨੂੰ ‘ਰਾਸ਼ਟਰੀ ਤ੍ਰਾਸਦੀ’ ਕਰਾਰ ਦਿੱਤਾ ਕਿਉਂਕਿ ਸੈਂਕਡ਼ੇ ਘਰ ਤਬਾਹ ਹੋ ਗਏ ਹਨ। ਉਨ੍ਹਾਂ ਕਿਹਾ ਕਿ ਭਾਰੀ ਮੀਂਹ ਕਾਰਨ ਦੂਰ-ਦੁਰਾਡੇ ਦੇ ਇਲਾਕਿਆਂ ’ਚ ਬਚਾਅ ਕਾਰਜਾਂ ’ਚ ਰੁਕਾਵਟ ਆਈ ਹੈ। ਮਰਨ ਵਾਲਿਆਂ ’ਚ ਬੱਚੇ, ਮਰਦ ਅਤੇ ਔਰਤਾਂ ਸ਼ਾਮਲ ਹਨ। ਮੰਤਰੀ ਰਹਿਮਾਨ ਨੇ ਕਿਹਾ ਕਿ ਪਾਣੀ ਦਾ ਪੱਧਰ ਉੱਚਾ ਹੋਣ ਕਾਰਨ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ ਕਿਉਂਕਿ ਮੌਨਸੂਨ ਦਾ ਪੈਟਰਨ ਬਦਲ ਰਿਹਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ’ਚ ਪੂਰੇ ਪਾਕਿਸਤਾਨ ’ਚ ਔਸਤ ਵਰਖਾ ਤੋਂ 87 ਫੀਸਦੀ ਵੱਧ ਬਾਰਿਸ਼ ਹੋਈ ਹੈ। ਸੰਘੀ ਮੰਤਰੀ ਨੇ ਕਿਹਾ ਕਿ ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ ਨੇ ਇਕ ਰਾਸ਼ਟਰੀ ਮੌਨਸੂਨ ਸੰਕਟਕਾਲੀਨ ਯੋਜਨਾ ਤਿਆਰ ਕੀਤੀ ਹੈ। ਉਨ੍ਹਾਂ ਲੋਕਾਂ ਨੂੰ ਵੀ ਸੁਚੇਤ ਰਹਿਣ ਦਾ ਸੱਦਾ ਦਿੱਤਾ ਤਾਂ ਜੋ ਹੋਰ ਨੁਕਸਾਨ ਤੋਂ ਬਚਿਆ ਜਾ ਸਕੇ। ਰਹਿਮਾਨ ਨੇ ਕਿਹਾ ਕਿ ਸਾਨੂੰ ਇਨ੍ਹਾਂ ਮੌਤਾਂ ਅਤੇ ਤਬਾਹੀ ਨੂੰ ਰੋਕਣ ਲਈ ਵਿਆਪਕ ਯੋਜਨਾ ਦੀ ਲੋਡ਼ ਹੈ ਕਿਉਂਕਿ ਇਹ ਸਾਰੀ ਤਬਾਹੀ ਜਲਵਾਯੂ ਤਬਦੀਲੀ ਕਾਰਨ ਹੋ ਰਹੀ ਹੈ। ਪਾਕਿਸਤਾਨ ਮੌਸਮ ਵਿਭਾਗ ਮੁਤਾਬਕ ਬਾਰਸ਼ 8 ਜੁਲਾਈ ਤੱਕ ਜਾਰੀ ਰਹੇਗੀ। ਦਰਜਨਾਂ ਲੋਕਾਂ ਦੀ ਮੌਤ ਤੋਂ ਬਾਅਦ ਬਲੋਚਿਸਤਾਨ ਸਰਕਾਰ ਨੇ ਕਵੇਟਾ ਨੂੰ ਆਫ਼ਤ ਪ੍ਰਭਾਵਿਤ ਇਲਾਕਾ ਘੋਸ਼ਿਤ ਕਰ ਦਿੱਤਾ ਹੈ ਅਤੇ ਸੂਬਾਈ ਰਾਜਧਾਨੀ ’ਚ ਐਮਰਜੈਂਸੀ ਲਾਗੂ ਕਰ ਦਿੱਤੀ ਗਈ ਹੈ। ਰਹਿਮਾਨ ਨੇ ਕਿਹਾ ਕਿ ਕਵੇਟਾ ਵਿੱਚ ਮਰਨ ਵਾਲਿਆਂ ਦੀ ਵੱਧ ਰਹੀ ਗਿਣਤੀ ਇਕ ਰਾਸ਼ਟਰੀ ਪੱਧਰ ਦੀ ਆਫ਼ਤ ਹੈ ਅਤੇ ਇਹ ਜ਼ਰੂਰੀ ਹੈ ਕਿ ਅਸੀਂ ਇਸ ਨੂੰ ਗੰਭੀਰਤਾ ਨਾਲ ਲਿਆਏ।