ਪਾਕਿਸਤਾਨ ਅਤੇ ਦੇਸ਼ ਦੇ ਹੋਰ ਹਿੱਸਿਆ ’ਚ ਭਾਰੀ ਮੀਂਹ ਕਾਰਨ ਔਰਤਾਂ ਅਤੇ ਬੱਚਿਆਂ ਸਮੇਤ ਘੱਟੋ-ਘੱਟ 9 ਵਿਅਕਤੀਆਂ ਦੀ ਮੌਤ ਹੋ ਗਈ। ਉਧਰ ਇੰਡੀਆ ਦੇ ਸੂਬੇ ਹਿਮਾਚਲ ਪ੍ਰਦੇਸ਼ ’ਚ ਸ਼ਿਮਲਾ, ਕੁੱਲੂ ਤੇ ਮਨੀਕਰਨ ਸਾਹਿਬ ਵਿਖੇ ਬੱਦਲ ਫਟਣ ਦੀਆਂ ਖ਼ਬਰਾਂ ਹਨ। ਸ਼ਿਮਲਾ ’ਚ ਇਕ ਵਿਅਕਤੀ ਦੀ ਜ਼ਮੀਨ ਖਿਸਕਣ ਨਾਲ ਮੌਤ ਹੋਈ ਹੈ। ਮਨੀਕਰਨ ਸਾਹਿਬ ’ਚ ਬੱਦਲ ਫਟਣ ਤੋਂ ਬਾਅਦ ਕੁਝ ਲੋਕ ਲਾਪਤਾ ਹਨ ਤੇ ਕਈ ਘਰਾਂ ਨੂੰ ਵੀ ਪਾਣੀ ਕਰਕੇ ਨੁਕਸਾਨ ਪਹੁੰਚਿਆ ਹੈ।
ਪਾਕਿਸਤਾਨ ’ਚ ਆਫਤ ਪ੍ਰਬੰਧਨ ਏਜੰਸੀ ਅਨੁਸਾਰ ਦੱਖਣ-ਪੱਛਮੀ ਬਲੋਚਿਸਤਾਨ ਦੀ ਰਾਜਧਾਨੀ ਕੋਇਟਾ ’ਚ ਭਾਰੀ ਮੀਂਹ ਕਰਕੇ ਮਕਾਨਾਂ ਦੀਆਂ ਛੱਤਾਂ ਡਿੱਗਣ ਕਾਰਨ ਸੱਤ ਵਿਅਕਤੀਆਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਹਡ਼੍ਹ ’ਚ ਵਹਿ ਗਈਆਂ ਦੋ ਲਾਸ਼ਾਂ ਡੈਮ ਨੇਡ਼ਿਓਂ ਬਰਾਮਦ ਹੋਈਆਂ ਹਨ। ਦੂਰ-ਦੁਰਾਡੇ ਇਲਾਕਿਆਂ ’ਚ ਰਾਤੋ-ਰਾਤ ਆਏ ਹਡ਼੍ਹ ਕਾਰਨ ਕਈ ਲੋਕ ਲਾਪਤਾ ਹੋ ਗਏ ਹਨ, ਜਿਸ ਕਾਰਨ ਮੌਤਾਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸੋਮਵਾਰ ਤੋਂ ਸ਼ੁਰੂ ਹੋਇਆ ਮੋਹਲੇਧਾਰ ਮੀਂਹ ਤੀਜੇ ਦਿਨ ਵੀ ਜਾਰੀ ਰਿਹਾ, ਜਿਸ ਕਾਰਨ ਬਲੋਚਿਸਤਾਨ ’ਚ ਦਰਜਨਾਂ ਘਰ ਨੁਕਸਾਨੇ ਗਏ ਹਨ।
ਜੂਨ ਤੋਂ ਲੈ ਕੇ ਹੁਣ ਤੱਕ ਬਲੋਚਿਸਤਾਨ ਸਮੇਤ ਪੂਰੇ ਮੁਲਕ ’ਚ ਮੀਂਹ ਕਾਰਨ 38 ਵਿਅਕਤੀਆਂ ਦੀਆਂ ਮੌਤਾਂ ਹੋਈਆਂ ਹਨ ਅਤੇ ਦੋ ਸੌ ਤੋਂ ਵੱਧ ਘਰ ਨੁਕਸਾਨੇ ਗਏ ਹਨ। ਬੀਤੇ ਦਿਨੀਂ ਵੀ ਬਲੋਚਿਸਤਾਨ ’ਚ ਭਾਰੀ ਮੀਂਹ ਕਾਰਨ ਇਕ ਬੱਸ ਤਿਲਕ ਕੇ ਖੱਡ ’ਚ ਡਿੱਗ ਗਈ ਸੀ ਜਿਸ ’ਚ ਸਵਾਰ 19 ਵਿਅਕਤੀਆਂ ਦੀ ਮੌਤ ਹੋ ਗਈ ਸੀ। ਅੱਜ ਬੁੱਧਵਾਰ ਨੂੰ ਮੁੰਬਈ ’ਚ ਵੀ ਭਾਰੀ ਬਾਰਿਸ਼ ਨਾਲ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ।
ਪਾਕਿਸਤਾਨ ’ਚ ਭਾਰੀ ਮੀਂਹ ਕਾਰਨ ਔਰਤਾਂ ਤੇ ਬੱਚਿਆਂ ਸਣੇ 9 ਦੀ ਮੌਤ, ਹਿਮਾਚਲ ’ਚ ਵੀ ਬੱਦਲ ਫਟੇ
Related Posts
Add A Comment