ਸਿੱਧੂ ਮੂਸੇਵਾਲਾ ਕਤਲ ਕੇਸ, ਮੁਹਾਲੀ ‘ਚ ਰਾਕਟ ਲਾਂਚਰ ਨਾਲ ਹਮਲਾ ਕਰਨ ਸਮੇਤ ਕਈ ਮਾਮਲਿਆਂ ‘ਚ ਲੋੜੀਂਦੇ ਗੈਂਗਸਟਰ ਅਤੇ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਦੀ ਪਾਕਿਸਤਾਨ ‘ਚ ਓਵਰਡੋਜ਼ ਨਾਲ ਮੌਤ ਹੋਣ ਦੀ ਖ਼ਬਰ ਹੈ। ਰਿੰਦਾ ਪੰਜਾਬ ਵਿੱਚ ਅੱਤਵਾਦ ਫ਼ੈਲਾਉਣ ਅਤੇ ਮਿਥ ਕੇ ਕਤਲ ਦੇ ਮਾਮਲਿਆਂ ‘ਚ ਲੋੜੀਂਦਾ ਸੀ। ਜਾਣਕਾਰੀ ਅਨੁਸਾਰ ਰਿੰਦਾ ਗੁਰਦਿਆਂ ਦੀ ਬਿਮਾਰੀ ਦੇ ਇਲਾਜ ਲਈ ਲਾਹੌਰ ਦੇ ਜਿੰਦਲ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੋਂ ਉਸ ਨੂੰ ਮਿਲਟਰੀ ਹਸਪਤਾਲ ਤਬਦੀਲ ਕਰ ਦਿੱਤਾ ਗਿਆ ਸੀ। ਇਲਾਜ ਦੌਰਾਨ ਦਵਾਈਆਂ ਦੀ ਓਵਰਡੋਜ਼ ਕਾਰਨ ਰਿੰਦਾ ਦੀ ਮੌਤ ਹੋ ਗਈ। ਕੇਂਦਰੀ ਸੁਰੱਖਿਆ ਏਜੰਸੀਆਂ, ਪਾਕਿਸਤਾਨੀ ਸੂਤਰਾਂ ਅਤੇ ਪੰਜਾਬ ਦੇ ਸੀਨੀਅਰ ਪੁਲੀਸ ਅਧਿਕਾਰੀਆਂ ਨੇ ਰਿੰਦਾ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਜਾਣਕਾਰੀ ਅਨੁਸਾਰ ਹਰਵਿੰਦਰ ਸਿੰਘ ਰਿੰਦਾ ‘ਤੇ ਮੁਹਾਲੀ ਸਥਿਤ ਇੰਟੈਲੀਜੈਂਸ ਹੈੱਡਕੁਆਰਟਰ ‘ਤੇ ਇਸ ਸਾਲ 9 ਮਈ ਨੂੰ ਹੋਏ ਹਮਲੇ ਦੀ ਸਾਜ਼ਿਸ਼ ਘੜਨ ਦੇ ਦੋਸ਼ ਲੱਗੇ ਸਨ। ਉਸ ਨੂੰ ਏ ਪਲੱਸ ਗੈਂਗਸਟਰਾਂ ਦੀ ਸੂਚੀ ‘ਚ ਸ਼ਾਮਲ ਕੀਤਾ ਗਿਆ ਸੀ। ਇਸ ਤੋਂ ਇਲਾਵਾ ਉਸ ਖ਼ਿਲਾਫ਼ ਨਸ਼ਾ ਤੇ ਹਥਿਆਰ ਤਸਕਰੀ ਸਬੰਧੀ ਵੀ ਕਈ ਮਾਮਲੇ ਦਰਜ ਹਨ। ਐੱਨ.ਆਈ.ਏ. ਨੇ ਹਾਲ ਹੀ ‘ਚ ਰਿੰਦਾ ਦੇ ਟਿਕਾਣੇ ਬਾਰੇ ਜਾਣਕਾਰੀ ਦੇਣ ਵਾਲੇ ਨੂੰ ਦਸ ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਸੀ। ਐੱਨ.ਆਈ.ਏ. ਅਨੁਸਾਰ ਰਿੰਦਾ ਪੰਜਾਬ ‘ਚ ਖਾਲਿਸਤਾਨੀ ਲਹਿਰ ਦਾ ਚਿਹਰਾ ਬਣ ਗਿਆ ਸੀ। ਉਹ ਪਾਕਿਸਤਾਨ ਆਧਾਰਤ ਅੱਤਵਾਦੀ ਸਮੂਹਾਂ ਅਤੇ ਆਈ.ਐੱਸ.ਆਈ. ਨਾਲ ਜੁੜ ਗਿਆ ਸੀ ਅਤੇ ਸਰਹੱਦ ਤੋਂ ਨਸ਼ਾ ਅਤੇ ਹਥਿਆਰ ਤਸਕਰੀ ਦੇ ਮਾਮਲਿਆਂ ‘ਚ ਲੋੜੀਂਦਾ ਸੀ। ਹਰਵਿੰਦਰ ਸਿੰਘ ਸੰਧੂ ਉਰਫ਼ ਰਿੰਦਾ ਮਹਾਰਾਸ਼ਟਰ, ਚੰਡੀਗੜ੍ਹ, ਹਰਿਆਣਾ ਅਤੇ ਪੱਛਮੀ ਬੰਗਾਲ ‘ਚ ਵੀ ਲੋੜੀਂਦਾ ਮੁਲਜ਼ਮ ਸੀ। ਹਾਲ ਹੀ ‘ਚ ਹਰਵਿੰਦਰ ਸਿੰਘ ਰਿੰਦਾ ਅਤੇ ਕੈਨੇਡਾ ਦੇ ਗੈਂਗਸਟਰ ਲਖਵੀਰ ਲੰਡਾ ਖ਼ਿਲਾਫ਼ ਪਾਕਿਸਤਾਨ ਤੋਂ ਹਥਿਆਰਾਂ ਦੀ ਤਸਕਰੀ, ਅੱਤਵਾਦ ਨੂੰ ਉਤਸ਼ਾਹਿਤ ਕਰਨ ਦੇ ਦੋਸ਼ ਕਈ ਮਾਮਲੇ ਦਰਜ ਕੀਤੇ ਗਏ ਸਨ।