ਪੁਲੀਸ ਦੀ ਡਿਊਟੀ ਹਰ ਤਰ੍ਹਾਂ ਦਾ ਜੁਰਮ ਤੇ ਸਮਾਜ ਵਿਰੋਧੀ ਗਤੀਵਿਧੀਆਂ ਨੂੰ ਰੋਕਣਾ ਅਤੇ ਅਜੋਕੇ ਸਮੇਂ ‘ਚ ਵੱਡੀ ਸਮੱਸਿਆ ਨਸ਼ਿਆਂ ਨੂੰ ਰੋਕਣ ਦੀ ਹੁੰਦੀ ਹੈ। ਇਸ ਸਮੇਂ ਨਾ ਤਾਂ ਕਤਲਾਂ ਦਾ ਸਿਲਸਿਲਾ ਸੂਬੇ ‘ਚ ਰੁਕ ਰਿਹਾ ਹੈ ਅਤੇ ਨਾ ਹੀ ਹੋਰ ਜੁਰਮ ਦੀਆਂ ਘਟਨਾਵਾਂ ਰੁਕੀਆਂ ਹਨ। ਇਥੋਂ ਤੱਕ ਕਿ ਨਸ਼ਾ ਵੀ ਪਹਿਲਾਂ ਦੇ ਮੁਕਾਬਲੇ ਵਧੇਰੇ ਚੱਲ ਪਿਆ ਹੈ। ਪੰਜਾਬ ਪੁਲੀਸ ਨੇ ਪੂਰੇ ਸੂਬੇ ‘ਚ ਨਸ਼ਾ ਤਸਕਰਾਂ ਤੇ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰਨ ਦੇ ਮੰਤਵ ਨਾਲ ਤਲਾਸ਼ੀ ਮੁਹਿੰਮ ਚਲਾਈ। ਅਮਨ-ਕਾਨੂੰਨ ਦੀ ਵਿਵਸਥਾ ‘ਤੇ ਉੱਠ ਰਹੀਆਂ ਉਂਗਲਾਂ ਦੇ ਮੱਦੇਨਜ਼ਰ ਪੰਜਾਬ ਪੁਲੀਸ ਨੇ ਇਸ ਤਲਾਸ਼ੀ ਮੁਹਿੰਮ ਜ਼ਰੀਏ ਸਮਾਜ ਵਿਰੋਧੀ ਅਨਸਰਾਂ ਨੂੰ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਹ ਤਾਂ ਪੁਲੀਸ ਦਾ ਮੁੱਢਲਾ ਕੰਮ ਹੈ ਫਿਰ ਇਸ ਨੂੰ ਕਰਨ ਲਈ ਏਨਾ ਪ੍ਰਚਾਰ ਤੇ ਦਿਖਾਵਾ ਕਿਉਂ? ਇਸ ਮੁਹਿੰਮ ਦੀ ਪੰਜਾਬ ਪੁਲੀਸ ਦੇ ਮੁਖੀ ਗੌਰਵ ਯਾਦਵ ਨੇ ਅਗਵਾਈ ਕੀਤੀ। ਪੰਜਾਬ ਦੇ ਸਾਰੇ 28 ਪੁਲੀਸ ਜ਼ਿਲ੍ਹਿਆਂ ‘ਚ ਇਕੋ ਸਮੇਂ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਚੱਲੀ। ਇਹ ਮੁਹਿੰਮ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਚਲਾਈ ਗਈ ਅਤੇ ਪੰਜਾਬ ਪੁਲੀਸ ਹੈੱਡਕੁਆਟਰ ਦੇ ਏ.ਡੀ.ਜੀ.ਪੀ./ ਆਈ.ਜੀ.ਪੀ. ਰੈਂਕ ਦੇ ਅਧਿਕਾਰੀਆਂ ਨੂੰ ਹਰੇਕ ਪੁਲੀਸ ਜ਼ਿਲ੍ਹੇ ‘ਚ ਨਿੱਜੀ ਤੌਰ ‘ਤੇ ਇਸ ਕਾਰਵਾਈ ਦੀ ਨਿਗਰਾਨੀ ਕਰਨ ਲਈ ਤਾਇਨਾਤ ਕੀਤਾ ਗਿਆ ਸੀ। ਡੀ.ਜੀ.ਪੀ. ਵੱਲੋਂ ਲੁਧਿਆਣਾ ਦੇ ਵੱਖ-ਵੱਖ ਖੇਤਰਾਂ ‘ਚ ਏ.ਡੀ.ਜੀ.ਪੀ. ਗੁਰਪ੍ਰੀਤ ਕੌਰ ਅਤੇ ਪੁਲੀਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨਾਲ ਅਪਰੇਸ਼ਨ ਦੀ ਅਗਵਾਈ ਕੀਤੀ ਗਈ। ਡੀ.ਜੀ.ਪੀ. ਨੇ ਕਿਹਾ ਕਿ ਵੱਡੇ ਪੱਧਰ ‘ਤੇ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਦਾ ਮੰਤਵ ਲੋਕਾਂ ਅੰਦਰ ਵਿਸ਼ਵਾਸ ਵਧਾਉਣਾ ਤੇ ਸਮਾਜ ਵਿਰੋਧੀ ਅਨਸਰਾਂ ‘ਚ ਡਰ ਪੈਦਾ ਕਰਨਾ ਹੈ। ਗੌਰਵ ਯਾਦਵ ਨੇ ਦੱਸਿਆ ਕਿ ਜ਼ਿਲ੍ਹਾ ਪੁਲੀਸ ਬਲਾਂ ਵੱਲੋਂ ਅੰਕੜਿਆਂ ਦੇ ਵਿਸ਼ਲੇਸ਼ਣ ਰਾਹੀਂ ਨਸ਼ਿਆਂ ਅਤੇ ਅਪਰਾਧਾਂ ਦੇ ‘ਹੌਟਸਪੌਟਸ’ ਦੀ ਪਛਾਣ ਕਰਨ ਉਪਰੰਤ ਇਹ ਮੁਹਿੰਮ ਚਲਾਈ ਗਈ ਸੀ। ਉਨ੍ਹਾਂ ਕਿਹਾ ਕਿ ਸੀਨੀਅਰ ਅਧਿਕਾਰੀਆਂ ਦੀ ਅਗਵਾਈ ਹੇਠ ਪੁਲੀਸ ਫੋਰਸ ਵੱਲੋਂ ਸ਼ੱਕੀ ਵਿਅਕਤੀਆਂ ਤੇ ਘਰਾਂ ਦੀ ਪੂਰੀ ਤਲਾਸ਼ੀ ਲਈ ਗਈ। ਉਨ੍ਹਾਂ ਕਿਹਾ ਕਿ ਇਨ੍ਹਾਂ ‘ਹੌਟਸਪੌਟਸ’ ਉਤੇ ਡਰੋਨ ਤੇ ਸੂਹੀਆ ਕੁੱਤੇ ਤਾਇਨਾਤ ਕੀਤੇ ਗਏ ਸਨ ਤਾਂ ਜੋ ਸਖ਼ਤ ਨਿਗਰਾਨੀ ਯਕੀਨੀ ਬਣਾਈ ਜਾ ਸਕੇ। ਡੀ.ਜੀ.ਪੀ. ਨੇ ਕਿਹਾ ਕਿ ਸੂਬੇ ਵਿੱਚੋਂ ਨਸ਼ਿਆਂ ਤੇ ਗੈਂਗਸਟਰਵਾਦ ਨੂੰ ਮੁੱਢੋਂ ਖ਼ਤਮ ਕਰਨ ਤੱਕ ਪੁਲੀਸ ਅਰਾਮ ਨਾਲ ਨਹੀਂ ਬੈਠੇਗੀ। ਅਸਲਾ ਲਾਇਸੈਂਸ ਜਾਰੀ ਕਰਨ ਸਬੰਧੀ ਨਵੇਂ ਨਿਰਦੇਸ਼ਾਂ ਬਾਰੇ ਪੁੱਛੇ ਜਾਣ ‘ਤੇ ਡੀ.ਜੀ.ਪੀ. ਨੇ ਕਿਹਾ ਕਿ ਅਗਲੇ ਤਿੰਨ ਮਹੀਨਿਆਂ ‘ਚ ਪਿਛਲੇ ਅਸਲਾ ਲਾਇਸੈਂਸਾਂ ਦੀ ਫਿਜ਼ੀਕਲ ਵੈਰੀਫਿਕੇਸ਼ਨ ਹੋਣ ਤੱਕ ਕੋਈ ਨਵਾਂ ਅਸਲਾ ਲਾਇਸੈਂਸ ਜਾਰੀ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ‘ਤੇ ਵੀ ਹਥਿਆਰਾਂ ਦੀ ਜਨਤਕ ਪ੍ਰਦਰਸ਼ਨੀ ਕਰਨ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ ਅਤੇ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਡੀ.ਜੀ.ਪੀ. ਨੇ ਦੱਸਿਆ ਕਿ ਉਲੰਘਣਾਵਾਂ ਨੂੰ ਰੋਕਣ ਲਈ ਪੰਜਾਬ ਪੁਲੀਸ ਦਾ ਸਾਈਬਰ ਵਿੰਗ ਸੋਸ਼ਲ ਨੈੱਟਵਰਕਿੰਗ ਸਾਈਟਾਂ ‘ਤੇ ਨਜ਼ਰ ਰੱਖ ਰਿਹਾ ਹੈ। ਜੇਕਰ ਕੋਈ ਵਿਅਕਤੀ ਕਿਸੇ ਵੀ ਭਾਈਚਾਰੇ ਵਿਰੁੱਧ ਨਫ਼ਰਤ ਭਰਿਆ ਭਾਸ਼ਣ ਦਿੰਦਾ ਪਾਇਆ ਗਿਆ ਤਾਂ ਉਸ ਵਿਰੁੱਧ ਤੁਰੰਤ ਐਫ.ਆਈ.ਆਰ. ਦਰਜ ਕੀਤੀ ਜਾਵੇਗੀ। ਲੁਧਿਆਣਾ ‘ਚ ਘੋੜਾ ਕਲੋਨੀ, ਅੰਬੇਡਕਰ ਕਲੋਨੀ, ਮੋਤੀ ਨਗਰ ਅਤੇ ਪੀਰੂ ਬੰਦਾ ਇਲਾਕਿਆਂ ‘ਚ ਮੁਹਿੰਮ ਚਲਾਈ ਗਈ। ਇਸ ਦੌਰਾਨ ਚਾਰ ਸ਼ੱਕੀ ਵਿਅਕਤੀਆਂ, ਜਿਨ੍ਹਾਂ ‘ਚ ਦੁਰਗਾਪੁਰੀ ਮੁਹੱਲੇ ਦਾ ਮੋਹਿਤ ਕੁਮਾਰ, ਪੀਰੂ ਬੰਦਾ ਦਾ ਸੋਨੂੰ, ਚੰਦਰ ਨਗਰ ਦਾ ਗੌਰਵ ਅਤੇ ਨਵੀਂ ਕੁੰਦਨਪੁਰੀ ਦਾ ਮੋਹਨ ਸ਼ਾਮਲ ਹੈ, ਦੀ ਪਛਾਣ ਕਰਕੇ ਪੁੱਛਗਿੱਛ ਲਈ ਹਿਰਾਸਤ ‘ਚ ਲਿਆ ਗਿਆ, ਜਦਕਿ ਘੋੜਾ ਕਲੋਨੀ ‘ਚ ਤਲਾਸ਼ੀ ਦੌਰਾਨ 12 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਇਸੇ ਤਰ੍ਹਾਂ ਜਗਰਾਉਂ ਦੇ ਗਾਂਧੀ ਮੁਹੱਲੇ ‘ਚ ਵੀ ਤਲਾਸ਼ੀ ਮੁਹਿੰਮ ਚੱਲੀ। ਇਸ ਤੋਂ ਇਲਾਵਾ ਸਿੱਧਵਾਂ ਬੇਟ ਤੇ ਜ਼ਿਲ੍ਹੇ ਦੇ ਕੁਝ ਹੋਰ ਪਿੰਡਾਂ ‘ਚ ਵੀ ਪੁਲੀਸ ਨੇ ਤਲਾਸ਼ੀ ਲਈ।