ਲੁਧਿਆਣਾ ਤੋਂ ਚਲਾਏ ਜਾ ਰਹੇ ਕੌਮਾਂਤਰੀ ਨਸ਼ਾ ਤਸਕਰ ਗਰੋਹ ਦਾ ਨਸ਼ਾ ਕੰਟਰੋਲ ਬਿਊਰੋ (ਐੱਨ.ਸੀ.ਬੀ.) ਨੇ ਪਰਦਾਫਾਰਸ਼ ਕੀਤਾ ਅਤੇ ਇਸ ਮਾਮਲੇ ‘ਚ ਦੋ ਅਫ਼ਗਾਨ ਨਾਗਰਿਕਾਂ ਸਮੇਤ 16 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ 60 ਕਿਲੋ ਨਸ਼ੀਲੀ ਸਮੱਗਰੀ ਤੇ ਕੁਝ ਕਾਰਤੂਸ ਬਰਾਮਦ ਕੀਤੇ ਹਨ। ਡਿਪਟੀ ਡਾਇਰੈਕਟਰ ਜਨਰਲ ਗਿਆਨੇਸ਼ਵਰ ਸਿੰਘ ਨੇ ਦੱਸਿਆ ਕਿ ਗਰੋਹ ਦਾ ਪਰਦਾਫਾਸ਼ ਕਰਨ ‘ਚ ਕਰੀਬ ਡੇਢ ਮਹੀਨੇ ਦਾ ਸਮਾਂ ਲੱਗਿਆ ਅਤੇ ਇਸ ਦਾ ਸਬੰਧ ਦਿੱਲੀ ਦੇ ਸ਼ਾਹੀਨ ਬਾਗ ਤੇ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਦੇ ਨਸ਼ਾ ਤਸਕਰਾਂ ਦੇ ਸਮੂਹਾਂ ਨਾਲ ਹੈ ਜਿਨ੍ਹਾਂ ਦਾ ਪਰਦਾਫਾਸ਼ ਪਿਛਲੇ ਸਾਲ ਏਜੰਸੀ ਨੇ ਕੀਤਾ ਸੀ। ਉਨ੍ਹਾਂ ਕਿਹਾ ਕਿ ਐੱਨ.ਸੀ.ਬੀ. ਦੀ ਚੰਡੀਗੜ੍ਹ ਜ਼ੋਨਲ ਇਕਾਈ ਨੇ ਪੰਜਾਬ ਦੇ ਲੁਧਿਆਣਾ ਸਥਿਤ ਹੈਰੋਇਨ ਦੀ ਪ੍ਰੋਸੈਸਿੰਗ ਦੀਆਂ ਦੋ ਗ਼ੈਰਕਾਨੂੰਨੀ ਪ੍ਰਯੋਗਸ਼ਾਲਾਵਾਂ ਦਾ ਪਰਦਾਫਾਸ਼ ਕੀਤਾ ਸੀ ਜਿਨ੍ਹਾਂ ਨੂੰ ਅਫਗਾਨਿਸਤਾਨ ਦੇ ਦੋ ਕੈਮਿਸਟ ਚਲਾ ਰਹੇ ਸਨ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਨਵੰਬਰ ਦੇ ਮੱਧ ‘ਚ ਨਵੇਂ ਕੇਸ ਦੀ ਜਾਂਚ ਸ਼ੁਰੂ ਕੀਤੀ ਗਈ। ਉਨ੍ਹਾਂ ਕਿਹਾ, ‘ਇਹ ਕੌਮਾਂਤਰੀ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਗਰੋਹ ਅਫ਼ਗਾਨਿਸਤਾਨ, ਪਾਕਿਸਤਾਨ ਆਦਿ ਮੁਲਕਾਂ ਅਤੇ ਭਾਰਤ ਦੇ ਵੱਖ ਵੱਖ ਰਾਜਾਂ ‘ਚ ਫੈਲਿਆ ਹੋਇਆ ਹੈ।’ ਅਧਿਕਾਰੀ ਨੇ ਦੱਸਿਆ ਕਿ ਐੱਨ.ਡੀ.ਪੀ.ਐੱਸ. ਐਕਟ ਤਹਿਤ ਲੁਧਿਆਣਾ ਗਰੁੱਪ ਨਾਲ ਸਬੰਧਤ 60 ਤੋਂ ਵੱਧ ਬੈਂਕ ਖਾਤਿਆਂ ਤੋਂ ਲੈਣ-ਦੇਣ ਕਰਨ ‘ਤੇ ਰੋਕ ਲਗਾ ਦਿੱਤੀ ਗਈ ਹੈ। ਐੱਨ.ਸੀ.ਬੀ. ਨੇ ਡੇਢ ਮਹੀਨਾ ਚੱਲੀ ਇਸ ਮੁਹਿੰਮ ਦੌਰਾਨ ਤਕਰੀਬਨ 60 ਕਿਲੋ ਹੈਰੋਇਨ ਅਤੇ ਹੋਰ ਨਸ਼ੀਲੇ ਪਦਾਰਥ ਤੇ 31 ਕਾਰਤੂਸ ਬਰਾਮਦ ਕੀਤੇ ਹਨ। ਇਸ ਮੁਹਿੰਮ ਦੌਰਾਨ ਪੰਜਾਬ ਪੁਲੀਸ ਸਮੇਤ ਹੋਰ ਏਜੰਸੀਆਂ ਦੀ ਮਦਦ ਵੀ ਲਈ ਗਈ ਹੈ। ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਇਸ ਗਰੋਹ ਦੇ ਮੈਂਬਰਾਂ ਵੱਲੋਂ ਖਰੀਦੀਆਂ ਗਈਆਂ ਤਕਰੀਬਨ 30 ਜਾਇਦਾਦਾਂ ਦੀ ਪਛਾਣ ਕੀਤੀ ਗਈ ਹੈ ਅਤੇ ਏਜੰਸੀ ਉਨ੍ਹਾਂ ਨੂੰ ਜ਼ਬਤ ਵੀ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਵੱਲੋਂ ਪੰਜਾਬ ‘ਚ ਚਲਾਏ ਜਾ ਰਹੇ ਕੁਝ ਨਾਈਟ ਕਲੱਬ ਤੇ ਰੈਸਤਰਾਂ ਵੀ ਜਾਂਚ ਦੇ ਘੇਰੇ ‘ਚ ਹਨ।