ਕਾਂਗਰਸ ਤੇ ਅਕਾਲੀਆਂ ਤੋਂ ਅੱਗੇ ਲੋਕਾਂ ਨੇ ‘ਬਦਲਾਅ’ ਲਈ ਆਮ ਆਦਮੀ ਪਾਰਟੀ ਦੇ ਹੱਕ ‘ਚ ਫਤਵਾ ਦੇ ਕੇ ਨਵੀਂ ਸਰਕਾਰ ਚੁਣੀ। ਪਰ ਇਸ ਸਰਕਾਰ ਦੇ ਪੰਜ ਮਹੀਨੇ ਦੇ ਕਾਰਜਕਾਲ ‘ਚ ਵੀ 124 ਕਿਸਾਨ ਤੇ ਮਜ਼ਦੂਰਾਂ ਨੇ ਖੁਦਕੁਸ਼ੀ ਕੀਤੀ ਹੈ। ਇਸ ਤੋਂ ਜਾਪਦਾ ਹੈ ਕਿ ਨਵੀਂ ਸਰਕਾਰ ਬਣਨ ਦੇ ਬਾਵਜੂਦ ਲੋਕਾਂ ਦੇ ਜੀਵਨ ਪੱਧਰ ‘ਚ ਕੋਈ ਬਦਲਾਅ ਨਹੀਂ ਆਇਆ ਹੈ। ਖੁਦਕੁਸ਼ੀ ਦਾ ਸਿਲਸਿਲਾ ਕਦੋਂ ਰੁਕੇਗਾ, ਇਸ ਸਵਾਲ ਦਾ ਜਵਾਬ ਸਮੁੱਚੀ ਕਿਸਾਨੀ ਤਲਾਸ਼ ਰਹੀ ਹੈ। ਐਤਕੀਂ ਨਰਮਾ ਪੱਟੀ ‘ਚ ਚਿੱਟੀ ਮੱਖੀ ਅਤੇ ਗੁਲਾਬੀ ਸੁੰਡੀ ਨੇ ਸੱਥਰ ਵਿਛਾਏ ਹਨ। ਮੁਕਤਸਰ ਤੇ ਫਾਜ਼ਿਲਕਾ ‘ਚ ਮੀਂਹ ਨੇ ਫ਼ਸਲ ਤਬਾਹ ਕਰ ਦਿੱਤੀ ਹੈ, ਜਦਕਿ ਬਠਿੰਡਾ ਤੇ ਮਾਨਸਾ ‘ਚ ਚਿੱਟੀ ਮੱਖੀ ਤੇ ਗੁਲਾਬੀ ਸੁੰਡੀ ਨੇ ਖੇਤ ਚਪਟ ਕਰ ਦਿੱਤੇ ਹਨ। ਕਿੰਨੇ ਹੀ ਕਿਸਾਨ ਤੇ ਮਜ਼ਦੂਰ ਖੁਦਕੁਸ਼ੀ ਕਰ ਗਏ ਕਿਉਂਕਿ ਉਹ ਆਪਣੇ ਖੇਤਾਂ ਨੂੰ ਸੁੰਡੀ ਤੋਂ ਬਚਾਅ ਨਾ ਸਕੇ। ਬੀ.ਕੇ.ਯੂ. (ਉਗਰਾਹਾਂ) ਦੇ ਸੁਖਪਾਲ ਸਿੰਘ ਮਾਣਕ ਵੱਲੋਂ ਪਿੰਡਾਂ ‘ਚੋਂ ਆਈਆਂ ਰਿਪੋਰਟਾਂ ਦੇ ਆਧਾਰ ‘ਤੇ ਅੰਕੜਾ ਇਕੱਤਰ ਕੀਤਾ ਗਿਆ ਹੈ। ਇਸ ਦੇ ਅਨੁਸਾਰ ਪਹਿਲੀ ਜਨਵਰੀ 2022 ਤੋਂ 30 ਅਗਸਤ ਤੱਕ 163 ਕਿਸਾਨ ਅਤੇ ਮਜ਼ਦੂਰ ਖੁਦਕੁਸ਼ੀ ਦੇ ਰਾਹ ਪਏ ਹਨ। ਪੰਜਾਬ ‘ਚ ਨਵੀਂ ਸਰਕਾਰ ਬਣਨ ਮਗਰੋਂ 124 ਕਿਸਾਨਾਂ ਤੇ ਮਜ਼ਦੂਰਾਂ ਨੇ ਖੁਦਕੁਸ਼ੀ ਕੀਤੀ ਹੈ। ਇਸੇ ਵਰ੍ਹੇ ਦੇ ਅਪਰੈਲ ਮਹੀਨੇ ‘ਚ 35 , ਮਈ ਮਹੀਨੇ ‘ਚ 24, ਜੂਨ ‘ਚ 16, ਜੁਲਾਈ ‘ਚ 22 ਅਤੇ ਅਗਸਤ ਮਹੀਨੇ ‘ਚ 20 ਖੁਦਕੁਸ਼ੀਆਂ ਹੋਈਆਂ ਹਨ। ਖੁਦਕੁਸ਼ੀ ਕਰਨ ਵਾਲਿਆਂ ‘ਚ ਕਿਸਾਨ, ਮਜ਼ਦੂਰ ਅਤੇ ਉਨ੍ਹਾਂ ਦੇ ਪਰਿਵਾਰਾਂ ਦੀਆਂ ਔਰਤਾਂ ਸ਼ਾਮਲ ਹਨ। ਮਈ ਮਹੀਨੇ ‘ਚ ਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਟਲੀ ਕਲਾਂ ਦਾ ਮਜ਼ਦੂਰ ਸੇਵਾ ਸਿੰਘ ਖੁਦਕੁਸ਼ੀ ਕਰ ਗਿਆ। ਨਾ ਫ਼ਸਲ ਬਚੀ ਅਤੇ ਨਾ ਹੀ ਉਸ ਦੀ ਜ਼ਿੰਦਗੀ। ਉਸ ਦੀਆਂ ਚਾਰ ਧੀਆਂ ਨੂੰ ਵਿਰਾਸਤ ‘ਚ ਛੇ ਲੱਖ ਦਾ ਕਰਜ਼ਾ ਮਿਲਿਆ ਹੈ। ਪਿੰਡ ਧੰਨ ਸਿੰਘ ਖਾਨਾ ਦਾ 57 ਸਾਲ ਦਾ ਕਿਸਾਨ ਪੁਸ਼ਪਿੰਦਰ ਸਿੰਘ ਆਖਰ ਸੁੰਡੀ ਤੋਂ ਹਾਰ ਗਿਆ, ਪਿਛਲੀਆਂ ਤਿੰਨ ਫ਼ਸਲਾਂ ਸੁੰਡੀ ਦੀ ਲਪੇਟ ‘ਚ ਆਉਣ ਕਾਰਨ ਉਹ ਖੁਦਕੁਸ਼ੀ ਦੇ ਰਾਹ ਪੈ ਗਿਆ। 12 ਲੱਖ ਦਾ ਕਰਜ਼ਾ ਪਰਿਵਾਰ ਲਈ ਵੱਡਾ ਝੋਰਾ ਬਣ ਗਿਆ ਹੈ। ਮੁਕਤਸਰ ਦੇ ਪਿੰਡ ਗੰਧੜ ਦੇ ਕਿਸਾਨ ਨੱਥਾ ਸਿੰਘ ਨੇ ਤਿੰਨ ਦਿਨ ਪਹਿਲਾਂ ਹੀ ਖੁਦਕੁਸ਼ੀ ਕਰ ਲਈ ਹੈ। ਉਹ ਆਪਣੀ ਨਰਮੇ ਦੀ ਫ਼ਸਲ ਨੂੰ ਸਿਰੇ ਨਾ ਲਾ ਸਕਿਆ।