ਸਰਬੀਆ ਦੇ ਸ਼ਤਰੰਜ ਕਲੱਬ ਨੋਵੀ ਬੋਰ ਨੇ 37ਵੀਂ ਯੂਰਪੀਅਨ ਕਲੱਬ ਸ਼ਤਰੰਜ ਚੈਂਪੀਅਨਸ਼ਿਪ ਦਾ ਖਿਤਾਬ ਜਿੱਤ ਲਿਆ ਹੈ। ਨੋਵੀ ਬੋਰ ਦੀ ਇਸ ਜਿੱਤ ‘ਚ ਇੰਡੀਆ ਦਾ ਵੱਡਾ ਯੋਗਦਾਨ ਰਿਹਾ ਕਿਉਂਕਿ ਕਲੱਬ ਤੋਂ ਸਭ ਤੋਂ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ‘ਚ ਸਭ ਤੋਂ ਅੱਗੇ ਇੰਡੀਆ ਦੇ ਵਿਦਿਤ ਗੁਜਰਾਤੀ ਤੇ ਪੇਂਟਾਲਾ ਹਰਿਕ੍ਰਿਸ਼ਣਾ ਰਹੇ। ਆਖਰੀ ਸੱਤਵੇਂ ਰਾਊਂਡ ‘ਚ ਟੀਮ ਨੇ ਫਰਾਂਸ ਦੇ ਆਸਨੀਰਸ ਲੇ ਗਰਾਊਂਡ ਕਲੱਬ ਨੂੰ 3।5-1.5 ਨਾਲ ਹਰਾਉਂਦੇ ਹੋਏ ਲਗਾਤਾਰ ਸੱਤਵੀਂ ਵਾਰ ਜਿੱਤ ਨਾਲ ਖਿਤਾਬ ਆਪਣੇ ਨਾਂ ਕੀਤਾ। ਪਹਿਲੇ ਬੋਰਡ ‘ਤੇ ਖੇਡਦੇ ਹੋਏ ਪੇਂਟਾਲਾ ਹਰਿਕ੍ਰਿਸ਼ਣਾ ਨੇ 2765 ਰੇਟਿੰਗ ਦਾ ਪ੍ਰਦਰਸ਼ਨ ਕੀਤਾ ਤੇ ਇਸ ਦੌਰਾਨ ਖੇਡੇ 7 ਰਾਊਂਡਾਂ ਵਿੱਚੋਂ 3 ਜਿੱਤਾਂ ਤੇ 3 ਡਰਾਅ ਖੇਡੇ ਜਦਕਿ ਇਕ ਮੁਕਾਬਲਾ ਹਾਰਿਆ। ਹਰੀਕ੍ਰਿਸ਼ਣਾ ਨੇ ਪੰਜਵੇਂ ਰਾਊਂਡ ‘ਚ ਵਿਸ਼ਵਨਾਥਨ ਆਨੰਦ ਤੇ ਸੱਤਵੇਂ ਰਾਊਂਡ ‘ਚ ਫਰਾਂਸ ਦੇ ਧਾਕੜ ਮੈਕਸੀਮ ਲਾਗ੍ਰੇਵ ਨੂੰ ਹਰਾਇਆ। ਉਥੇ ਹੀ ਦੂਜੇ ਬੋਰਡ ‘ਤੇ ਵਿਦਿਤ ਨੇ 2885 ਅੰਕਾਂ ਦੀ ਆਸਾਧਰਨ ਖੇਡ ਦਿਖਾਈ ਤੇ ਲਗਾਤਾਰ 6 ਮੁਕਾਬਲੇ ਜਿੱਤ ਕੇ ਸਭ ਤੋਂ ਬਿਹਤਰੀਨ ਪ੍ਰਦਰਸ਼ਨ ਕੀਤਾ। ਵਿਦਿਤ ਨੂੰ ਸਿਰਫ ਆਖਰੀ ਰਾਊਂਡ ‘ਚ ਹਾਰ ਮਿਲੀ। ਉਸ ਨੇ ਰਾਊਂਡ 4 ਤੋਂ ਰਾਊਂਡ 6 ਦੌਰਾਨ ਨਾਰਵੇ ਦੇ ਆਰੀਅਨ ਤਾਰੀ, ਰੋਮਾਨੀਆ ਦੇ ਰਿਚਰਡ ਰਾਪਰਟੋ ਤੇ ਯੂਕਰੇਨ ਦੇ ਯੂਰੀ ਕਾਯਵੋਂਰੂਚਕੋ ਵਰਗੇ ਵੱਡਾਂ ਨਾਵਾਂ ਨੂੰ ਹਰਾਇਆ। ਨੋਵੀ ਬਾਰ ਕੁਲ 14 ਅੰਕਾਂ ਨਾਲ ਪਹਿਲਾ ਸਥਾਨ ‘ਤੇ ਰਿਹਾ।