ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਧੀ ਤੇ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੀ ਮੀਤ ਪ੍ਰਧਾਨ ਮਰੀਅਮ ਨਵਾਜ਼ ਨੂੰ ਇਸਲਾਮਾਬਾਦ ਹਾਈ ਕੋਰਟ ਨੇ ਭ੍ਰਿਸ਼ਟਾਚਾਰ ਦੇ ਇੱਕ ਕੇਸ ‘ਚੋਂ ਬਰੀ ਕਰ ਦਿੱਤਾ ਹੈ। ਇਸ ਨੂੰ ਹਾਕਮ ਪੀ.ਐੱਮ.ਐੱਲ.-ਐੱਨ. ਲਈ ਇਕ ਵੱਡੀ ਕਾਨੂੰਨੀ ਜਿੱਤ ਵਜੋਂ ਦੇਖਿਆ ਜਾ ਰਿਹਾ ਹੈ। ਹਾਈ ਕੋਰਟ ਨੇ ਮਰੀਅਮ ਦੇ ਉਸ ਦੇ ਪਤੀ ਮੁਹੰਮਦ ਸਫਦਰ ਦੀ ਉਹ ਅਪੀਲ ਸਵੀਕਾਰ ਕਰ ਲਈ ਜਿਸ ‘ਚ ਜੁਲਾਈ 2018 ‘ਚ ਐਵੇਨਫੀਲਡ ਜਾਇਦਾਦ ਕੇਸ ‘ਚ ਭ੍ਰਿਸ਼ਟਾਚਾਰ ਰੋਕੂ ਅਦਾਲਤ ਵੱਲੋਂ ਸੁਣਾਈ ਗਈ ਸਜ਼ਾ ਨੂੰ ਚੁਣੌਤੀ ਦਿੱਤੀ ਗਈ ਸੀ। ਜਸਟਿਸ ਆਮੇਰ ਫਾਰੂਕ ਤੇ ਜਸਟਿਸ ਮੋਹਸਿਨ ਅਖ਼ਤਰ ਕਯਾਨੀ ‘ਤੇ ਆਧਾਰਿਤ ਬੈਂਚ ਨੇ ਕਿਹਾ ਕਿ ਜਾਂਚ ਅਧਿਕਾਰੀ ਦੀ ਸਲਾਹ ਨੂੰ ਸਬੂਤ ਵਜੋਂ ਨਹੀਂ ਵਿਚਾਰਿਆ ਜਾ ਸਕਦਾ। ਬੈਂਚ ਨੇ ਕਿਹਾ, ‘ਸਾਂਝੀ ਜਾਂਚ ਟੀਮ ਨੇ ਕੋਈ ਤੱਥ ਪੇਸ਼ ਨਹੀਂ ਕੀਤਾ। ਇਸ ਦੀ ਥਾਂ ਸਿਰਫ ਸੂਚਨਾ ਇਕੱਠੀ ਕੀਤੀ।’ ਬੈਂਚ ਨੇ ਕਿਹਾ ਕਿ ਕੇਸ ‘ਚ ਕੌਮੀ ਜਵਾਬਦੇਹੀ ਬਿਊਰੋ ਦਾ ਵਕੀਲ ਭ੍ਰਿਸ਼ਟਾਚਾਰ ਦੇ ਦੋਸ਼ ਸਾਬਤ ਕਰਨ ‘ਚ ਨਾਕਾਮ ਰਿਹਾ ਹੈ। ਪਾਕਿਸਤਾਨ ਦੀ ਅਦਾਲਤ ਨੇ ਨਵ-ਨਿਯੁਕਤ ਵਿੱਤ ਮੰਤਰੀ ਇਸਹਾਕ ਡਾਰ ਨੂੰ ਅਦਾਲਤ ‘ਚ ਪੇਸ਼ ਹੋਣ ਅਤੇ ਕੇਸ ਦਾ ਸਾਹਮਣਾ ਕਰਨ ਦਾ ਹਲਫਨਾਮਾ ਦੇਣ ਬਾਅਦ ਆਪਣਾ ਪੰਜ ਸਾਲ ਪੁਰਾਣਾ ਫ਼ੈਸਲਾ ਪਲਟਦਿਆਂ ਭਗੌੜਿਆਂ ਦੀ ਸੂਚੀ ‘ਚੋਂ ਬਾਹਰ ਕਰ ਦਿੱਤਾ ਹੈ। ਡਾਰ ਵੱਲੋਂ ਪੇਸ਼ ਵਕੀਲ ਹਸਨ ਕਾਜ਼ੀ ਨੇ ਜਵਾਬਦੇਹੀ ਅਦਾਲਤ ਦੇ ਜਸਟਿਸ ਮਿਸਬਾਹ-ਉਲ ਬਸ਼ੀਰ ਨੂੰ ਅਪੀਲ ਕੀਤੀ ਕਿ 72 ਸਾਲਾ ਮੰਤਰੀ ਨੂੰ ਜ਼ਮਾਨਤ ਲਈ ਅਰਜ਼ੀ ਦਾਖਲ਼ ਕਰਨ ਦੀ ਥਾਂ ਅਪਰਾਧਕ ਪ੍ਰਕਿਰਿਆ ਕੋਡ ਤਹਿਤ ਮੁਚੱਲਕਾ ਭਰਨ ਦੀ ਆਗਿਆ ਦਿੱਤੀ ਜਾਵੇ। ‘ਡਾਅਨ’ ਅਖ਼ਬਾਰ ਦੀ ਰਿਪੋਰਟ ਮੁਤਾਬਕ ਅਦਾਲਤ ਨੇ ਡਾਰ ਦੀ ਅਪੀਲ ‘ਤੇ ਕੌਮੀ ਜਵਾਬਦੇਹੀ ਬਿਊਰੋ ਨੂੰ ਨੋਟਿਸ ਜਾਰੀ ਕਰਕੇ 7 ਅਕਤੂਬਰ ਤੱਕ ਜਵਾਬ ਮੰਗਿਆ ਹੈ। ਜਸਟਿਸ ਬਸ਼ੀਰ ਨੇ ਹਾਲ ਹੀ ‘ਚ ਡਾਰ ਦਾ ਗ੍ਰਿਫ਼ਤਾਰੀ ਵਾਰੰਟ ਮੁਅੱਤਲ ਕਰ ਦਿੱਤਾ ਸੀ ਅਤੇ ਕਾਨੂੰਨੀ ਏਜੰਸੀਆਂ ਨੂੰ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੇ ਆਗੂ ਨੂੰ ਗ੍ਰਿਫ਼ਤਾਰ ਕਰਨ ਤੋਂ ਰੋਕ ਦਿੱਤਾ ਸੀ। ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਇਸਹਾਕ ਡਾਰ ਪੰਜ ਸਾਲਾਂ ਦੀ ਸਵੈ-ਜਲਾਵਤਨੀ ਮਗਰੋਂ ਸੋਮਵਾਰ ਨੂੰ ਬਰਤਾਨੀਆ ਤੋਂ ਪਾਕਿਸਤਾਨ ਪਰਤੇ ਸਨ।