ਪੰਜਾਬ ਕਾਂਗਰਸ ਦੇ ਪ੍ਰਧਾਨ ਰਹੇ ਸਾਬਕਾ ਸੰਸਦ ਮੈਂਬਰ ਤੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਗਣਤੰਤਰ ਦਿਵਸ ਮੌਕੇ 26 ਜਨਵਰੀ ਨੂੰ ਰਿਹਾਈ ਸੰਭਵ ਹੈ। ਅਜਿਹੇ ਆਸਾਰ ਬਣਦੇ ਜਾ ਰਹੇ ਹਨ ਇਕ ਪਟਿਆਲਾ ਜੇਲ੍ਹ ‘ਚ ਇਕ ਸਾਲ ਦੀ ਸਜ਼ਾ ਪੂਰੀ ਹੋਣ ਤੋਂ ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਨੂੰ ਛੱਡਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦੀ ਸਿਆਸਤ ‘ਚ ਨਵੀਂ ਭੂਮਿਕਾ ਨਜ਼ਰ ਆ ਸਕਦੀ ਹੈ। ਇਕ ਪਾਸੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਉਨ੍ਹਾਂ ਨੂੰ ਚਿੱਠੀ ਲਿਖੀ ਹੈ ਜਿਸ ਤੋਂ ਉਨ੍ਹਾਂ ਨੂੰ ਕਾਂਗਰਸ ‘ਚ ਕੋਈ ਵੱਡੀ ਜ਼ਿੰਮੇਵਾਰੀ ਮਿਲਣ ਦੇ ਆਸਾਰ ਹਨ। ਦੂਜੇ ਪਾਸੇ ਉਹ ਆਮ ਆਦਮੀ ਪਾਰਟੀ ਦੇ ਸੰਪਰਕ ‘ਚ ਵੀ ਦੱਸੇ ਜਾਂਦੇ ਹਨ। ਕਿਹਾ ਜਾ ਰਿਹਾ ਹੈ ਕਿ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਅਗਾਮੀ ਲੋਕ ਸਭਾ ਚੋਣਾਂ ‘ਚ ਪੰਜਾਬ ਦੀਆਂ ਵੱਧ ਸੀਟਾਂ ਜਿੱਤਣ ਦੇ ਇੱਛੁਕ ਹਨ ਅਤੇ ਉਹ ਸੋਚਦੇ ਹਨ ਕਿ ਨਵਜੋਤ ਸਿੱਧੂ ਨੂੰ ਨਾਲ ਲੈ ਕੇ ਆਮ ਆਦਮੀ ਪਾਰਟੀ 2024 ਦੀਆਂ ਲੋਕ ਸਭਾ ਚੋਣਾਂ ‘ਚ ਕੋਈ ਕ੍ਰਿਸ਼ਮਾ ਕਰ ਸਕਦੀ ਹੈ। ਨਵਜੋਤ ਸਿੱਧੂ ਨੂੰ ਪਟਿਆਲਾ ਜਾਂ ਅੰਮ੍ਰਿਤਸਰ ਤੋਂ ਚੋਣ ਲੜਾਏ ਜਾਣ ਦੇ ਆਸਾਰ ਹਨ। ਉਂਝ ਕਾਂਗਰਸ ਵੱਲੋਂ ਵੀ ਉਨ੍ਹਾਂ ਨੂੰ ਇਨ੍ਹਾਂ ਦੋਹਾਂ ਹਲਕਿਆਂ ‘ਚੋਂ ਕਿਸੇ ਇਕ ਤੋਂ ਚੋਣ ਲੜਾਉਣ ਵਾਲੇ ਵਿਚਾਰ ਹੋ ਰਹੀ ਹੈ। ਰੋਡ ਰੇਜ ਮਾਮਲੇ ‘ਚ ਇਕ ਸਾਲ ਦੀ ਸਜ਼ਾ ਕੱਟ ਰਹੇ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਚਿੱਠੀ ਭੇਜੀ ਹੈ। ਪੰਜਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਇਸ ਸਮੇਂ ਪਟਿਆਲਾ ਜੇਲ ‘ਚ ਬੰਦ ਹਨ। ਸੂਤਰਾਂ ਮੁਤਾਬਕ ਪ੍ਰਿਯੰਕਾ ਗਾਂਧੀ ਨੇ ਉਨ੍ਹਾ ਨੂੰ ਇਹ ਚਿੱਠੀ ਆਪਣੇ ਕਰੀਬੀ ਰਾਹੀਂ ਜੇਲ੍ਹ ‘ਚ ਹੀ ਭੇਜੀ ਹੈ। ਚਿੱਠੀ ਵਿਚ ਕੀ ਲਿਖਿਆ ਗਿਆ ਹੈ ਫਿਲਹਾਲ ਇਸ ਦਾ ਖੁਲਾਸਾ ਨਹੀਂ ਹੋ ਸਕਿਆ ਹੈ ਪਰ ਪ੍ਰਿਯੰਕਾ ਵਲੋਂ ਉਨ੍ਹਾਂ ਨੂੰ ਚਿੱਠੀ ਭੇਜੇ ਜਾਣ ਤੋਂ ਬਾਅਦ ਇਹ ਸਪੱਸ਼ਟ ਹੋ ਗਿਆ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਦੀ ਵੱਡੀ ਹਾਰ ਤੋਂ ਬਾਅਦ ਸਿੱਧੂ ਗਾਂਧੀ ਪਰਿਵਾਰ ਦੀ ਗੁੱਡ-ਬੁੱਕ ‘ਚ ਹਨ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਇਕ ਸਾਲ ਦੀ ਸਜ਼ਾ ਪੂਰੀ ਹੋਣ ਤੋਂ ਬਾਅਦ ਸਿੱਧੂ ਨੂੰ ਕਾਂਗਰਸ ਹਾਈ ਕਮਾਨ ਵੱਡੀ ਜ਼ਿੰਮੇਵਾਰੀ ਸੌਂਪ ਸਕਦਾ ਹੈ। ਇਥੇ ਇਹ ਵੀ ਖਾਸ ਤੌਰ ‘ਤੇ ਦੱਸਣਯੋਗ ਹੈ ਕਿ ਨਵਜੋਤ ਸਿੱਧੂ ਮਈ ‘ਚ ਜੇਲ੍ਹ ਗਏ ਸਨ ਅਤੇ ਉਨ੍ਹਾਂ ਦੀ 6 ਮਹੀਨੇ ਦੀ ਸਜ਼ਾ ਪੂਰੀ ਹੋ ਚੁੱਕੀ ਹੈ। ਮਈ 2023 ਵਿਚ ਉਨ੍ਹਾਂ ਦੀ ਇਕ ਸਾਲ ਦੀ ਸਜ਼ਾ ਖ਼ਤਮ ਹੋ ਜਾਵੇਗੀ। ਇਸ ਲਿਹਾਜ਼ ਨਾਲ ਦੇਖਿਆ ਜਾਵੇ ਤਾਂ ਸਿੱਧੂ 6 ਮਹੀਨੇ ਬਾਅਦ ਜੇਲ੍ਹ ਵਿੱਚੋਂ ਬਾਹਰ ਆ ਜਾਣਗੇ। ਸੂਤਰਾਂ ਮੁਤਾਬਕ ਹਾਈ ਕਮਾਨ ਨੇ ਸਿੱਧੂ ਨੂੰ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਸਰਗਰਮ ਹੋਣ ਲਈ ਥਾਪੜਾ ਦੇ ਦਿੱਤਾ ਹੈ। ਨਵਜੋਤ ਸਿੱਧੂ ਹੁਣ ਭਵਿੱਖ ‘ਚ ਕਿੱਧਰ ਨੂੰ ਤੁਰਦੇ ਹਨ ਇਹ ਤਾਂ ਸਮਾਂ ਹੀ ਦੱਸੇਗਾ ਪਰ ਉਨ੍ਹਾਂ ਜੇਲ੍ਹ ‘ਚ ਆਪਣਾ 34 ਕਿਲੋ ਭਾਰ ਘੱਟ ਕਰ ਲਿਆ ਹੈ ਅਤੇ ਨਵੀਂ ਭੂਮਿਕਾ ਲਈ ਤਿਆਰੀ ਖਿੱਚ ਲਈ ਹੈ।