ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਮਹਾਰਾਣੀ ਪਰਨੀਤ ਕੌਰ ਪਟਿਆਲਾ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਹਨ। ਕੈਪਟਨ ਦੇ ਭਾਜਪਾ ‘ਚ ਚਲੇ ਜਾਣ ਤੋਂ ਬਾਅਦ ਮਹਾਰਾਣੀ ਪਰਨੀਤ ਕੌਰ ਨੂੰ ਕਾਂਗਰਸ ਦੀ ਟਿਕਟ ਮਿਲਣੀ ਮੁਸ਼ਕਿਲ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਸ਼ਰ੍ਹੇਆਮ ਅਜਿਹੇ ਬਿਆਨ ਦਾਗ਼ ਚੁੱਕੇ ਹਨ ਜਿਸ ਤੋਂ ਸਾਫ ਹੈ ਕਿ ਪਰਨੀਤ ਕੌਰ ਕਾਂਗਰਸ ਦਾ ਹਿੱਸਾ ਵੀ ਨਹੀਂ ਹਨ। ਅਜਿਹੇ ‘ਚ ਨਵਜੋਤ ਕੌਰ ਸਿੱਧੂ ਨੇ ਪਟਿਆਲਾ ਤੋਂ ਚੋਣ ਲੜਨ ਦੀ ਅੰਦਰਖਾਤੇ ਤਿਆਰੀ ਵਿੱਢੀ ਦਿੱਤੀ ਹੈ ਅਤੇ ਉਹ ਕਾਂਗਰਸ ਪਾਰਟੀ ‘ਚ ਇਸ ਲਈ ਦਾਅਵੇਦਾਰੀ ਵੀ ਜਤਾ ਰਹੇ ਹਨ। ਪਟਿਆਲਾ ਨਵਜੋਤ ਸਿੰਘ ਸਿੱਧੂ ਤੇ ਉਨ੍ਹਾਂ ਦੀ ਪਤਨੀ ਦਾ ਜੱਦੀ ਸ਼ਹਿਰ ਹੈ। ਅੰਮ੍ਰਿਤਸਰ ਤੋਂ ਚੋਣ ਲੜਨ ‘ਤੇ ਉਨ੍ਹਾਂ ਕੀਤੇ ਵਾਅਦੇ ਮੁਤਾਬਕ ਉਥੇ ਘਰ ਬਣਾਇਆ ਸੀ। ਸਾਬਕਾ ਵਿਧਾਇਕਾ ਨਵਜੋਤ ਕੌਰ ਸਿੱਧੂ ਨੇ ਆਖਿਆ ਹੈ ਕਿ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਬਹੁਤ ਜਲਦ ਜੇਲ੍ਹ ‘ਚੋਂ ਬਾਹਰ ਆ ਕੇ ਕਾਂਗਰਸ ਦੀ ਮਜ਼ਬੂਤੀ ਲਈ ਕੰਮ ਕਰਨਗੇ। ਪਨਸਪ ਦੇ ਸਾਬਕਾ ਸੀਨੀਅਰ ਵਾਈਸ ਚੇਅਰਮੈਨ ਅਤੇ ਕਾਂਗਰਸ ਪ੍ਰਧਾਨ ਨਰਿੰਦਰ ਲਾਲੀ ਦੀ ਅਗਵਾਈ ‘ਚ ਨਵਜੋਤ ਸਿੰਘ ਸਿੱਧੂ ਦੇ ਜਨਮ ਦਿਵਸ ਮੌਕੇ ਹੋਏ ਸਮਾਗਮ ਮੌਕੇ ਨਵਜੋਤ ਕੌਰ ਸਿੱਧੂ ਨੇ ਆਖਿਆ ਕਿ ਨਵਜੋਤ ਸਿੱਧੂ ਪੰਜਾਬ ਦਾ ਭਵਿੱਖ ਹਨ। ਉਨ੍ਹਾਂ ਆਖਿਆ ਕਿ ਸੁਪਰੀਮ ਕੋਰਟ ਵੱਲੋਂ ਲਾਈ ਸਜ਼ਾ ਦਾ ਕੁਝ ਸਮਾਂ ਬਾਕੀ ਹੈ। ਇਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਪੰਜਾਬੀਆਂ ਦੀ ਸੇਵਾ ‘ਚ ਹਾਜ਼ਰ ਹੋਣਗੇ। ਉਨ੍ਹਾਂ ਆਖਿਆ ਕਿ ਸੂਬੇ ਦੇ ਲੋਕ ਨਵਜੋਤ ਸਿੰਘ ਸਿੱਧੂ ਨੂੰ ਚਾਹੁੰਦੇ ਹਨ। ਇਸ ਮੌਕੇ ਨਰਿੰਦਰ ਲਾਲੀ ਨੇ ਆਖਿਆ ਕਿ ਜਨਮ ਦਿਨ ਮੌਕੇ ਸਮੁੱਚੇ ਜੁੜੇ ਨੇਤਾਵਾਂ ਅਤੇ ਵਰਕਰਾਂ ਨੇ ਨਵਜੋਤ ਕੌਰ ਸਿੱਧੂ ਨੂੰ ਅਪੀਲ ਕੀਤੀ ਹੈ ਕਿ ਉਹ ਲੋਕ ਸਭਾ ਦੀ ਚੋਣ ਲੜਨ ਲਈ ਅੱਗੇ ਆਉਣ। ਉਨ੍ਹਾਂ ਕਾਂਗਰਸ ਹਾਈ ਕਮਾਂਡ ਨੂੰ ਅਪੀਲ ਕੀਤੀ ਕਿ ਇਸ ਵਾਰ ਨਵਜੋਤ ਕੌਰ ਸਿੱਧੂ ਨੂੰ ਹੀ ਟਿਕਟ ਦੇ ਕੇ ਨਿਵਾਜਿਆ ਜਾਵੇ ਕਿਉਂਕਿ ਨਵਜੋਤ ਕੌਰ ਸਿੱਧੂ ਪਟਿਆਲਾ ਦੀ ਸੀਟ ਜਿੱਤਣ ‘ਚ ਸਮਰਥ ਹਨ।