ਇੰਡੀਆ ਦੀ ਚੋਟੀ ਦੀ ਡਿਸਕਸ ਥ੍ਰੋਅਰ ਨਵਜੀਤ ਕੌਰ ਢਿੱਲੋਂ ਡੋਪਿੰਗ ਟੈਸਟ ‘ਚ ਫੇਲ੍ਹ ਹੋ ਗਈ ਹੈ। ਉਨ੍ਹਾਂ ਨੂੰ ਵਿਸ਼ਵ ਅਥਲੈਟਿਕਸ ਦੀ ਅਥਲੀਟ ਇੰਟੀਗ੍ਰਿਟੀ ਯੂਨਿਟ ਦੀ ਟੈਸਟਿੰਗ ‘ਚ ਤਾਕਤ ਵਧਾਉਣ ਵਾਲੇ ਹਾਰਮੋਨ ਟੈਸਟੋਸਟੇਰਾਨ ਲਈ ਦੋਸ਼ੀ ਪਾਇਆ ਗਿਆ ਹੈ। ਪਤਾ ਲੱਗਾ ਹੈ ਕਿ ਏ.ਆਈ.ਯੂ. ਦੀ ਟੀਮ ਨੇ ਕਜ਼ਾਕਿਸਤਾਨ ਦੇ ਅਲਮਾਟੀ ‘ਚ ਨਵਜੀਤ ਕੌਰ ਦਾ ਸੈਂਪਲ ਲਿਆ ਸੀ। ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ 2018 ਦੀ ਕਾਂਸੀ ਤਗ਼ਮਾ ਜੇਤੂ ਨੂੰ ਡੋਪ ਟੈਸਟ ‘ਚ ਨਾਕਾਮ ਰਹਿਣ ਕਾਰਨ ਮੁਅੱਤਲ ਕਰ ਦਿੱਤਾ ਗਿਆ ਹੈ ਤੇ ਉਹ ਐੱਨ.ਆਈ.ਐੱਸ. ਪਟਿਆਲਾ ‘ਚ ਰਾਸ਼ਟਰੀ ਕੈਂਪ ‘ਚੋਂ ਵੀ ਬਾਹਰ ਹੋ ਗਈ ਹੈ। ਨਵਜੀਤ ਨੇ 2014 ਵਿਸ਼ਵ ਜੂਨੀਅਰ ਅਥਲੈਟਿਕਸ ਚੈਂਪੀਅਨਸ਼ਿਪ ‘ਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਬਰਮਿੰਘਮ ਰਾਸ਼ਟਰਮੰਡਲ ਖੇਡਾਂ ‘ਚ ਨਵਜੀਤ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ ਸੀ। ਉਹ ਅੱਠਵੇਂ ਸਥਾਨ ‘ਤੇ ਰਹੀ ਸੀ।