ਇਟਾਲੀਅਨ ਓਪਨ ਟੈਨਿਸ ਟੂਰਨਾਮੈਂਟ ‘ਚ ਕੈਮਰੂਨ ਨੋਰੀ ਨੂੰ 6-3, 6-4 ਨਾਲ ਹਰਾ ਕੇ ਕੁਆਰਟਰ ਫਾਈਨਲ ‘ਚ ਜਗ੍ਹਾ ਪੱਕੀ ਕਰਨ ਤੋਂ ਬਾਅਦ ਨੋਵਾਕ ਜੋਕੋਵਿਚ ਨੇ ਬ੍ਰਿਟੇਨ ਦੇ ਇਸ ਖਿਡਾਰੀ ਖ਼ਿਲਾਫ਼ ਮੈਚ ਦੌਰਾਨ ਖੇਡ ਭਾਵਨਾ ਉਲਟ ਵਿਵਹਾਰ ਕਰਨ ਦਾ ਦੋਸ਼ ਲਾਇਆ ਹੈ। ਸਰਬੀਆ ਦੇ ਖਿਡਾਰੀ ਨੇ ਲਗਾਤਾਰ 17ਵੀਂ ਵਾਰ ਇਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ ‘ਚ ਪਹੁੰਚਣ ਤੋਂ ਬਾਅਦ ਕਿਹਾ ਕਿ ਨੋਰੀ ਨੇ ਇਸ ਮੈਚ ‘ਚ ਕਈ ਵਾਰ ਬੁਰਾ ਵਿਵਹਾਰ ਕੀਤਾ। ਮੈਚ ਦੇ ਦੂਜੇ ਸੈੱਟ ‘ਚ ਜੋਕੋਵਿਚ ਦੇ ਪੁਆਇੰਟ ਗੁਆਉਣ ਤੋਂ ਬਾਅਦ ਵੀ ਨੋਰੀ ਨੇ ਇਕ ਗੇਂਦ ‘ਤੇ ਹਿੱਟ ਕੀਤਾ ਜੋ ਕਿ 22 ਵਾਰ ਦੇ ਗ੍ਰੈਂਡ ਸਲੈਮ ਚੈਂਪੀਅਨ ਦੀ ਪਿੰਡਲੀਆਂ ‘ਚ ਲੱਗੀ। ਜੋਕੋਵਿਚ ਨੇ ਮੈਚ ਖਤਮ ਹੋਣ ਤੋਂ ਠੀਕ ਪਹਿਲਾਂ ਨੋਰੀ ਦੇ ‘ਮੈਡੀਕਲ ਟਾਈਮ-ਆਊਟ’ ਨੂੰ ਲੈ ਕੇ ਵੀ ਮੁੱਦਾ ਉਠਾਇਆ। ਜੋਕੋਵਿਚ ਨੇ ਕਿਹਾ ਕਿ ਜਦੋਂ ਉਸ ਦਾ ਸ਼ਾਟ ਮੈਨੂੰ ਲੱਗਾ ਤਾਂ ਮੈਂ ਰੀਪਲੇਅ ਵੀ ਦੇਖਿਆ। ਸ਼ਾਇਦ ਤੁਸੀਂ ਕਹਿ ਸਕਦੇ ਹੋ ਕਿ ਉਸਨੇ ਜਾਣਬੁੱਝ ਕੇ ਮੈਨੂੰ ਨਹੀਂ ਮਾਰਿਆ। ਉਨ੍ਹਾਂ ਕਿਹਾ ਕਿ ਇਹ ਘਟਨਾ ਸਿਰਫ਼ ਇਸ ਸਬੰਧੀ ਨਹੀਂ ਸੀ। ਮੈਚ ਸ਼ੁਰੂ ਹੁੰਦੇ ਹੀ ਉਹ ਸਭ ਕੁਝ ਕਰ ਰਿਹਾ ਸੀ ਜੋ ਖੇਡ ਦੀ ਭਾਵਨਾ ਦੇ ਵਿਰੁੱਧ ਸੀ। ਉਸ ਨੂੰ ਮੈਡੀਕਲ ਟਾਈਮ ਆਊਟ ਲੈਣ ਦੀ ਇਜਾਜ਼ਤ ਹੈ। ਉਸ ਨੂੰ ਗੇਂਦ ਨਾਲ ਖਿਡਾਰੀ ਨੂੰ ਹਿੱਟ ਕਰਨ ਦੀ ਇਜਾਜ਼ਤ ਹੈ। ਉਸ ਨੂੰ ਹਰ ਪੁਆਇੰਟ ਤੋਂ ਬਾਅਦ ਵਿਰੋਧੀ ਖਿਡਾਰੀ ਨੂੰ ਨਿਸ਼ਾਨਾ ਬਣਾ ਕੇ ਕੁਝ ਕਹਿਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਕ ਖਿਡਾਰੀ ਹੋਣ ਦੇ ਨਾਤੇ ਅਸੀਂ ਜਾਣਦੇ ਹਾਂ ਕਿ ਇਹ ਖੇਡ ਦੀ ਭਾਵਨਾ ਨਹੀਂ ਹੈ।