22 ਵਾਰ ਦੇ ਗ੍ਰੈਂਡ ਸਲੈਮ ਚੈਂਪੀਅਨ ਨੋਵਾਕ ਜੋਕੋਵਿਚ ਅਤੇ ਉਨ੍ਹਾਂ ਤੋਂ ਇਕ ਖਿਤਾਬ ਜ਼ਿਆਦਾ ਜੇਤੂ ਰਾਫੇਲ ਨਡਾਲ ਨੇ ਆਸਟਰੇਲੀਅਨ ਓਪਨ ਡਰਾਅ ਦੇ ਵੱਖੋ-ਵੱਖਰੇ ਹਾਫ ਹਾਸਲ ਕਰ ਲਏ ਹਨ ਜਿਸ ਨਾਲ ਉਨ੍ਹਾਂ ਦਾ ਸਿੱਧਾ ਫਾਈਨਲ ਮੁਕਾਬਲਾ ਹੀ ਸੰਭਵ ਹੈ। 9 ਵਾਰ ਦੇ ਚੈਂਪੀਅਨ ਜੋਕੋਵਿਚ ਕਰੋਨਾ ਦਾ ਟੀਕਾ ਨਾ ਲੱਗਣ ਕਾਰਨ ਪਿਛਲੀ ਵਾਰ ਆਸਟਰੇਲੀਅਨ ਓਪਨ ਨਹੀਂ ਖੇਡ ਸਕੇ ਸਨ। ਉਸ ਸਮੇਂ ਆਸਟਰੇਲੀਆ ਪਹੁੰਚਣ ‘ਤੇ ਉਸ ਦਾ ਵੀਜ਼ਾ ਰੱਦ ਕਰ ਦਿੱਤਾ ਗਿਆ ਅਤੇ ਉਸ ਨੂੰ ਵਾਪਸ ਭੇਜ ਦਿੱਤਾ ਗਿਆ ਸੀ। ਚੌਥਾ ਦਰਜਾ ਪ੍ਰਾਪਤ ਜੋਕੋਵਿਚ ਸੋਮਵਾਰ ਨੂੰ ਪਹਿਲੇ ਦੌਰ ‘ਚ ਸਪੇਨ ਦੇ ਰੋਬਰਟੋ ਕਾਰਬਾਲੇਸ ਬਾਏਨਾ ਨਾਲ ਭਿੜੇਗਾ। ਵਿਸ਼ਵ ਦੀ ਨੰਬਰ ਇਕ ਖਿਡਾਰਨ ਇਗਾ ਸਵਇਏਟੇਕ ਜਰਮਨੀ ਦੀ ਜੂਲੀ ਨੀਮੇਰ ਨਾਲ ਖੇਡੇਗੀ। ਪੋਲੈਂਡ ਦੀ ਸਵਿਤੇਜ 2022 ‘ਚ ਸੈਮੀਫਾਈਨਲ ‘ਚ ਪਹੁੰਚੀ ਸੀ। ਨਡਾਲ ਦਾ ਪਹਿਲੇ ਮੈਚ ‘ਚ ਬ੍ਰਿਟੇਨ ਦੇ ਜੈਕ ਡਰਾਪਰ ਨਾਲ ਮੁਕਾਬਲਾ ਹੋਵੇਗਾ ਜੋ ਐਡੀਲੇਡ ਇੰਟਰਨੈਸ਼ਨਲ ‘ਚ ਸੈਮੀਫਾਈਨਲ ‘ਚ ਪਹੁੰਚਿਆ ਸੀ। ਪੰਜ ਵਾਰ ਦੇ ਉਪ ਜੇਤੂ ਐਂਡੀ ਮਰੇ ਦਾ ਸਾਹਮਣਾ ਵਿੰਬਲਡਨ ਦੇ ਸਾਬਕਾ ਉਪ ਜੇਤੂ ਇਟਲੀ ਦੇ ਮੈਟਿਓ ਬੇਰੇਟੀਨੀ ਨਾਲ ਹੋਵੇਗਾ। ਮਰੇ ਨੇ ਅਭਿਆਸ ਮੈਚ ‘ਚ ਆਸਟਰੇਲੀਆ ਦੇ ਅਲੈਕਸ ਡੀ ਮਿਨੌਰ ਨੂੰ ਹਰਾਇਆ ਸੀ। ਓਨਸ ਜਾਬੋਰ ਦਾ ਸਾਹਮਣਾ ਪਹਿਲੇ ਦੌਰ ‘ਚ ਤਾਮਾਰਾ ਜ਼ਿਦਾਨਸੇਕ ਨਾਲ ਹੋਵੇਗਾ ਅਤੇ ਤੀਜੇ ਦਰਜੇ ਦੀ ਜੈਸਿਕਾ ਪੇਗੁਲਾ ਦਾ ਮੁਕਾਬਲਾ ਰੋਮਾਨੀਆ ਦੀ ਜੈਕਲੀਨ ਕ੍ਰਿਸਚੀਅਨ ਨਾਲ ਹੋਵੇਗਾ। ਸੱਤਵਾਂ ਦਰਜਾ ਪ੍ਰਾਪਤ ਕੋਕੋ ਗੌਫ ਦਾ ਸਾਹਮਣਾ ਕੈਟੇਰੀਨਾ ਸਿਨੀਆਕੋਵਾ ਨਾਲ ਹੋਵੇਗਾ।