‘ਨੋਰੂ’ ਤੂਫ਼ਾਨ ਕਾਰਨ ਵੀਅਤਨਾਮ ਦੇ ਅਨੇਕਾਂ ਪਿੰਡਾਂ ‘ਚ ਹੜ੍ਹ ਆਉਣ ਕਾਰਨ ਪ੍ਰਸ਼ਾਸਨ ਨੇ ਕਰੀਬ 8 ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਅਤੇ ਦੇਸ਼ ‘ਚ ਮੰਗਲਵਾਰ ਨੂੰ ਕਰਫਿਊ ਲਗਾ ਦਿੱਤਾ ਗਿਆ ਹੈ। ਤੂਫਾਨ ਕਾਰਨ ਫਿਲੀਪੀਨਜ਼ ‘ਚ ਘੱਟੋ-ਘੱਟ 8 ਲੋਕਾਂ ਦੀ ਮੌਤ ਹੋ ਗਈ ਹੈ। ਸਰਕਾਰੀ ਟੈਲੀਵਿਜ਼ਨ ਅਨੁਸਾਰ ਤੂਫ਼ਾਨ ‘ਨੋਰੂ’ ਦੇ ਤੱਟ ਨਾਲ ਟਕਰਾਉਣ ਦੀ ਸੰਭਾਵਨਾ ਦਰਮਿਆਨ ਰਹਿਣ ਵਾਲੇ ਲੋਕਾਂ ਨੂੰ ਨੇੜੇ ਦੇ ਐਮਰਜੈਂਸੀ ਕੈਂਪਾਂ ‘ਚ ਪਨਾਹ ਲੈਣ ਦਾ ਹੁਕਮ ਦਿੱਤਾ ਗਿਆ ਹੈ। ਤੂਫ਼ਾਨ ਕਾਰਨ ਸਕੂਲ ਬੰਦ ਕਰ ਦਿੱਤੇ ਗਏ ਹਨ ਅਤੇ ਜਨਤਕ ਸਮਾਗਮ ਰੱਦ ਕਰ ਦਿੱਤੇ ਗਏ ਹਨ। ਦਾ ਨਾਂਗ ਅਤੇ ਕਵਾਂਗ ਸੂਬਿਆਂ ‘ਚ ਮੰਗਲਵਾਰ ਸ਼ਾਮ ਤੋਂ ਕਰਫਿਊ ਲਾਗੂ ਰਹੇਗਾ। ਕਰਫਿਊ ਦੌਰਾਨ ਸਰਕਾਰੀ ਡਿਊਟੀ ‘ਤੇ ਮੌਜੂਦ ਲੋਕਾਂ ਨੂੰ ਛੱਡ ਕੇ ਕਿਸੇ ਨੂੰ ਵੀ ਘਰ ਤੋਂ ਬਾਹਰ ਨਹੀਂ ਨਿਕਲਣ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਪੰਜ ਖੇਤਰੀ ਹਵਾਈ ਅੱਡਿਆਂ ‘ਤੇ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਅਤੇ ਰੇਲ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ। ਮੌਸਮ ਏਜੰਸੀ ਮੁਤਾਬਕ ‘ਨੋਰੂ’ ਦੇ ਮੱਦੇਨਜ਼ਰ 180 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ। ਪੁਲੀਸ ਮੁਤਾਬਕ ਐਤਵਾਰ ਨੂੰ ਉੱਤਰੀ ਫਿਲੀਪੀਨ ‘ਚ ਹੜ੍ਹ ਦੇ ਪਾਣੀ ‘ਚ ਫਸੇ ਲੋਕਾਂ ਦੀ ਮਦਦ ਲਈ ਕਿਸ਼ਤੀ ‘ਤੇ ਸਵਾਰ 5 ਰਾਹਤ ਕਰਮਚਾਰੀਆਂ ਦੀ ਇਕ ਕੰਧ ਡਿੱਗਣ ਕਾਰਨ ਮੌਤ ਹੋ ਗਈ। ਇਸ ਤੋਂ ਇਲਾਵਾ ਕਰੀਬ 80 ਹਜ਼ਾਰ ਲੋਕਾਂ ਨੂੰ ਐਮਰਜੈਂਸੀ ਸ਼ੈਲਟਰਾਂ ‘ਚ ਲਿਜਾਇਆ ਗਿਆ।