ਕਾਊਂਟੀ ਚੈਂਪੀਅਨਸ਼ਿਪ ਡਿਵੀਜ਼ਨ-2 2022 ‘ਚ ਗਲੈਮਰਗਨ ਲਈ ਖੇਡ ਰਹੇ ਭਾਰਤੀ ਸਟਾਰ ਬੱਲੇਬਾਜ਼ ਸ਼ੁਭਮਨ ਗਿੱਲ ਨੇ ਸਸੇਕਸ ਖਿਲਾਫ ਮੈਚ ‘ਚ ਸੈਂਕੜਾ ਲਗਾਇਆ ਹੈ। ਸ਼ੁਭਮਨ ਇਸ ਤੋਂ ਪਹਿਲਾਂ ਵੀ ਸੈਂਕੜੇ ਦੇ ਕਰੀਬ ਪਹੁੰਚ ਗਿਆ ਸੀ ਪਰ ਉਹ ਟੈਸਟ ਮੈਚ ਦੀ ਤਰ੍ਹਾਂ ਕਾਊਂਟੀ ‘ਚ ਵੀ ਨਰਵਸ-90 ਦਾ ਸ਼ਿਕਾਰ ਹੋਇਆ। ਪਰ ਇਸ ਵਾਰ ਸ਼ੁਭਮਨ ਦੀ ਕਿਸਮਤ ਨੇ ਉਸ ਦਾ ਸਾਥ ਦਿੱਤਾ। ਉਸ ਨੇ 139 ਗੇਂਦਾਂ ‘ਚ 16 ਚੌਕਿਆਂ ਅਤੇ ਦੋ ਛੱਕਿਆਂ ਦੀ ਮਦਦ ਨਾਲ 119 ਦੌੜਾਂ ਬਣਾ ਕੇ ਆਪਣੀ ਟੀਮ ਨੂੰ 300 ਦੌੜਾਂ ਦੇ ਨੇੜੇ ਪਹੁੰਚਾਇਆ। ਹੋਵ ਗਰਾਊਂਡ ‘ਤੇ ਖੇਡੇ ਜਾ ਰਹੇ ਮੈਚ ‘ਚ ਮੀਂਹ ਕਾਰਨ ਪਹਿਲੇ ਦਿਨ ਸਿਰਫ 41 ਓਵਰ ਹੀ ਖੇਡੇ ਜਾ ਸਕੇ। ਸ਼ੁਭਮਨ ਗਿੱਲ 91 ਦੌੜਾਂ ਬਣਾ ਕੇ ਖੇਡ ਰਿਹਾ ਸੀ। ਕਿਉਂਕਿ ਸ਼ੁਭਮਨ ਨਰਵਸ ਨਾਇਨੀਟੀਜ਼ ‘ਚ ਸਨ, ਇਸ ਲਈ ਹਰ ਕੋਈ ਇਸ ਗੱਲ ਤੋਂ ਚਿੰਤਤ ਸੀ ਕਿ ਦਬਾਅ ‘ਚ ਉਹ ਗਲਤ ਸ਼ਾਟ ਨਾ ਲਗਾ ਬੈਠੇ। ਪਰ ਸ਼ੁਭਮਨ ਨੇ ਇਨ੍ਹਾਂ ਸਭ ‘ਤੇ ਕਾਬੂ ਪਾਇਆ। ਉਸ ਨੇ 85 ਦੇ ਸਟ੍ਰਾਈਕ ਰੇਟ ਨਾਲ ਦੌੜਾਂ ਬਣਾਈਆਂ। ਮੈਚ ਦੌਰਾਨ ਸ਼ੁਭਮਨ ਨੇ ਕਈ ਆਕਰਸ਼ਕ ਸ਼ਾਟ ਵੀ ਖੇਡੇ ਜਿਸ ‘ਚ ਗੇਂਦਬਾਜ਼ ਫਹੀਮ ਅਸ਼ਰਫ ਦੀ ਗੇਂਦ ਨੂੰ ਥਰਮ ਮੈਨ ਦੇ ਉੱਪਰ ਖੇਡਣਾ ਸੀ। 23 ਸਾਲ ਦੇ ਸ਼ੁਭਮਨ ਦਾ ਫਸਟ ਕਲਾਸ ਰਿਕਾਰਡ ਕਾਫੀ ਚੰਗਾ ਹੈ। ਉਹ ਹੁਣ ਤੱਕ 37 ਮੈਚਾਂ ‘ਚ 7 ਸੈਂਕੜੇ ਅਤੇ 16 ਅਰਧ ਸੈਂਕੜੇ ਸਮੇਤ 3000 ਤੋਂ ਵੱਧ ਦੌੜਾਂ ਬਣਾ ਚੁੱਕੇ ਹਨ। ਉਸ ਦੀ ਔਸਤ 52 ਦੇ ਆਸ-ਪਾਸ ਹੈ ਜਦਕਿ ਉਸ ਦਾ ਸਰਵੋਤਮ ਸਕੋਰ 268 ਹੈ। ਸ਼ੁਭਮਨ ਨੇ ਇਸ ਤੋਂ ਪਹਿਲਾਂ ਕਾਊਂਟੀ ਡਿਵੀਜ਼ਨ 2 ਦੌਰਾਨ ਵਰਸੇਸਟਰਸ਼ਾਇਰ ਖ਼ਿਲਾਫ਼ 92 ਦੌੜਾਂ ਬਣਾਈਆਂ ਸਨ। ਫਿਰ ਮਿਡਲਸੈਕਸ ਖ਼ਿਲਾਫ਼ ਮੈਚ ‘ਚ ਉਸ ਨੇ 22 ਅਤੇ 11 ਦੌੜਾਂ ਬਣਾਈਆਂ ਸਨ।