ਇੰਡੀਆ ਦੇ ਓਲੰਪਿਕ ਚੈਂਪੀਅਨ ਜੈਵਲਿਨ ਥ੍ਰੋਅਰ ਨੀਰਜ ਚੋਪਡ਼ਾ ਨੇ ਪਹਿਲੀ ਹੀ ਕੋਸ਼ਿਸ਼ ’ਚ 88.39 ਮੀਟਰ ਦਾ ਥਰੋਅ ਸੁੱਟ ਕੇ ਪਹਿਲੀ ਵਾਰ ਵਰਲਡ ਚੈਂਪੀਅਨਸ਼ਿਪ ਦੇ ਫਾਈਨਲ ਲਈ ਕੁਆਲੀਫਾਈ ਕੀਤਾ ਜਦਕਿ ਰੋਹਿਤ ਯਾਦਵ ਨੇ ਵੀ ਫਾਈਨਲ ’ਚ ਪਹੁੰਚ ਕੇ ਇੰਡੀਆ ਲਈ ਨਵਾਂ ਇਤਿਹਾਸ ਰਚਿਆ। ਤਗ਼ਮੇ ਦੇ ਦਾਅਵੇਦਾਰ ਚੋਪਡ਼ਾ ਨੇ ਗਰੁੱਪ ਏ ਕੁਆਲੀਫਿਕੇਸ਼ਨ ’ਚ ਸ਼ੁਰੂਆਤ ਕੀਤੀ ਅਤੇ 88.39 ਮੀਟਰ ਦਾ ਥਰੋਅ ਸੁੱਟਿਆ। ਇਹ ਉਨ੍ਹਾਂ ਦੇ ਕਰੀਅਰ ਦਾ ਤੀਜਾ ਸਰਵੋਤਮ ਥਰੋਅ ਸੀ। ਉਹ ਗ੍ਰੇਨਾਡਾ ਦੇ ਸਾਬਕਾ ਚੈਂਪੀਅਨ ਐਂਡਰਸਨ ਪੀਟਰਸ ਤੋਂ ਬਾਅਦ ਦੂਜੇ ਸਥਾਨ ’ਤੇ ਰਹੇ। ਪੀਟਰਸ ਨੇ ਗਰੁੱਪ ਬੀ ਵਿੱਚ 89.91 ਮੀਟਰ ਦਾ ਥਰੋਅ ਸੁੱਟਿਆ। ਚੋਪਡ਼ਾ ਨੇ ਕਿਹਾ, ‘ਇਹ ਚੰਗੀ ਸ਼ੁਰੂਆਤ ਸੀ। ਮੈਂ ਫਾਈਨਲ ’ਚ ਆਪਣਾ 100 ਫ਼ੀਸਦੀ ਦੇਵਾਂਗਾ। ਹਰ ਦਿਨ ਵੱਖਰਾ ਹੁੰਦਾ ਹੈ। ਸਾਨੂੰ ਨਹੀਂ ਪਤਾ ਕਿ ਕਿਸ ਦਿਨ ਕੌਣ ਕਿਸ ਤਰ੍ਹਾਂ ਦਾ ਥਰੋਅ ਸੁੱਟੇਗਾ।’ ਉਨ੍ਹਾਂ ਨੇ ਅੱਗੇ ਕਿਹਾ, ‘ਮੇਰੇ ਰਨਅੱਪ ’ਚ ਕੁਝ ਸਮੱਸਿਆ ਸੀ ਪਰ ਥਰੋਅ ਵਧੀਆ ਰਿਹਾ। ਬਹੁਤ ਸਾਰੇ ਖਿਡਾਰੀ ਚੰਗੀ ਫਾਰਮ ’ਚ ਹਨ।’ ਚੋਪਡ਼ਾ ਦਾ ਕੁਆਲੀਫਿਕੇਸ਼ਨ ਰਾਊਂਡ ਕੁਝ ਮਿੰਟ ਹੀ ਚੱਲਿਆ ਕਿਉਂਕਿ ਉਨ੍ਹਾਂ ਨੂੰ ਆਪਣੀ ਪਹਿਲੀ ਕੋਸ਼ਿਸ਼ ’ਚ ਆਟੋਮੈਟਿਕ ਕੁਆਲੀਫਾਈ ਮਾਰਕ ਹਾਸਲ ਕਰਨ ਤੋਂ ਬਾਅਦ ਬਾਕੀ ਦੇ ਦੋ ਥਰੋਅ ਨਹੀਂ ਸੁੱਟਣੇ ਪਏ। ਹਰ ਪ੍ਰਤੀਯੋਗੀ ਨੂੰ ਤਿੰਨ ਮੌਕੇ ਮਿਲਦੇ ਹਨ। ਰੋਹਿਤ ਨੇ ਗਰੁੱਪ ਬੀ ’ਚ 80.42 ਮੀਟਰ ਥਰੋਅ ਸੁੱਟਿਆ। ਉਹ ਗਰੁੱਪ ਬੀ ’ਚ ਛੇਵੇਂ ਸਥਾਨ ’ਤੇ ਅਤੇ ਕੁੱਲ ਮਿਲਾ ਕੇ 11ਵੇਂ ਸਥਾਨ ’ਤੇ ਰਹੇ। ਉਨ੍ਹਾਂ ਦਾ ਦੂਜਾ ਥਰੋਅ ਫਾਊਲ ਰਿਹਾ ਅਤੇ ਆਖਰੀ ਕੋਸ਼ਿਸ਼ ’ਚ 77.32 ਮੀਟਰ ਦਾ ਥਰੋਅ ਹੀ ਸੁੱਟ ਸਕੇ। ਉਨ੍ਹਾਂ ਦਾ ਸੀਜ਼ਨ ਦਾ ਸਰਵੋਤਮ ਪ੍ਰਦਰਸ਼ਨ 82.54 ਮੀਟਰ ਹੈ। ਫਾਈਨਲ ਮੁਕਾਬਲਾ ਹੁਣ ਐਤਵਾਰ ਨੂੰ ਹੋਵੇਗਾ।