ਓਲੰਪਿਕ ਚੈਂਪੀਅਨ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਇਕ ਵਾਰ ਫਿਰ ਤੋਂ ਜਿੱਤ ਹਾਸਲ ਕਰਕੇ ਇਤਿਹਾਸ ਰਚ ਦਿੱਤਾ ਹੈ। ਨੀਰਜ ਚੋਪੜਾ ਡਾਇਮੰਡ ਲੀਗ 2022 ਮੀਟ ਦੇ ਲੁਸਾਨੇ ਪੜਾਅ ਦਾ ਖਿਤਾਬ ਜਿੱਤਣ ਵਾਲੇ ਪਹਿਲੇ ਭਾਰਤੀ ਬਣ ਗਏ ਹਨ। ਨੀਰਜ ਚੋਪੜਾ ਨੇ 89.08 ਮੀਟਰ ਦੇ ਆਪਣੇ ਪਹਿਲੇ ਥਰੋਅ ਨਾਲ ਲੁਸਾਨੇ ਡਾਇਮੰਡ ਲੀਗ ‘ਚੋਂ ਜਿੱਤ ਹਾਸਲ ਕੀਤੀ ਹੈ। ਇਸ ਦੇ ਨਾਲ ਹੀ ਨੀਰਜ 7-8 ਸਤੰਬਰ ਨੂੰ ਜਿਊਰਿਖ ‘ਚ ਹੋਣ ਵਾਲੀ ਡਾਇਮੰਡ ਲੀਗ ਦੇ ਫਾਇਨਲ ‘ਚ ਵੀ ਪਹੁੰਚ ਗਏ ਹਨ, ਜੋ ਖੁਸ਼ੀ ਵਾਲੀ ਗੱਲ ਹੈ। ਜ਼ਿਕਰਯੋਗ ਹੈ ਕਿ ਹਾਲ ਹੀ ‘ਚ ਨੀਰਜ ਚੋਪੜਾ ਨੇ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ‘ਚ ਇੰਡੀਆ ਨੂੰ ਚਾਂਦੀ ਦਾ ਤਗ਼ਮਾ ਦਿਵਾਇਆ ਸੀ। ਅੰਜੂ ਬੌਬੀ ਜਾਰਜ (2003) ਤੋਂ ਬਾਅਦ ਨੀਰਜ ਅਜਿਹਾ ਕਰਨ ਵਾਲੇ ਦੂਜੇ ਅਥਲੀਟ ਬਣ ਗਏ ਹਨ। ਫਾਈਨਲ ‘ਚ ਨੀਰਜ ਨੇ 88.13 ਮੀਟਰ ਦੀ ਦੂਰੀ ਤੱਕ ਜੈਵਲਿਨ ਸੁੱਟ ਕੇ ਚਾਂਦੀ ਦਾ ਤਗ਼ਮਾ ਜਿੱਤਿਆ ਸੀ।