ਜੈਵਲਿਨ ਥਰੋਅ ‘ਚ ਨੀਰਜ ਚੋਪੜਾ ਦਾ ਨਾਂ ਇਨ੍ਹੀਂ ਦਿਨੀਂ ਪੂਰਾ ਚਮਕ ਰਿਹਾ ਹੈ ਅਤੇ ਹੁਣ ਉਨ੍ਹਾਂ ਇਤਿਹਾਸਕ ਡਾਇਮੰਡ ਲੀਗ ਟਰਾਫੀ ਜਿੱਤ ਲਈ ਹੈ। ਇਹ ਟਰਾਫੀ ਜਿੱਤਣ ਵਾਲੇ ਨੀਰਜ ਚੋਪੜਾ ਪਹਿਲੇ ਭਾਰਤੀ ਬਣ ਗਏ ਹਨ। ਜਿਊਰਿਖ ‘ਚ ਹੋਏ ਡਾਇਮੰਡ ਲੀਗ ਦੇ ਫਾਈਨਲ ‘ਚ ਨੀਰਜ ਦੀ ਸ਼ੁਰੂਆਤ ਖ਼ਰਾਬ ਰਹੀ ਅਤੇ ਉਨ੍ਹਾਂ ਦਾ ਪਹਿਲਾ ਥਰੋਅ ਫਾਊਲ ਰਿਹਾ। ਫਿਰ ਦੂਜੀ ਕੋਸ਼ਿਸ਼ ਵਿਚ ਉਨ੍ਹਾਂ ਨੇ 88.44 ਮੀਟਰ ਦੂਰ ਜੈਵਲਿਨ ਸੁੱਟ ਕੇ ਵਿਰੋਧੀ ਖਿਡਾਰੀਆਂ ‘ਤੇ ਬੜ੍ਹਤ ਬਣਾ ਲਈ। ਨੀਰਜ ਨੇ ਤੀਜੀ ਕੋਸ਼ਿਸ਼ ‘ਚ 88.00 ਮੀਟਰ, ਚੌਥੀ ਕੋਸ਼ਿਸ਼ ‘ਚ 86.11 ਮੀਟਰ, ਪੰਜਵੀਂ ਕੋਸ਼ਿਸ਼ ਵਿੱਚ 87.00 ਮੀਟਰ ਅਤੇ ਛੇਵੀਂ ਕੋਸ਼ਿਸ਼ ਵਿੱਚ 83.60 ਮੀਟਰ ਦੂਰ ਜੈਵਲਿਨ ਥਰੋਅ ਕੀਤਾ। ਓਲੰਪਿਕ ਚਾਂਦੀ ਦਾ ਤਗਮਾ ਜੇਤੂ ਚੈੱਕ ਗਣਰਾਜ ਦੇ ਜੈਕਬ ਵਾਡਲੇਜ 86.94 ਮੀਟਰ ਦੇ ਸਰਵੋਤਮ ਥਰੋਅ ਨਾਲ ਦੂਜੇ ਅਤੇ ਜਰਮਨੀ ਦੇ ਜੂਲੀਅਨ ਵੇਬਰ 83.73 ਮੀਟਰ ਨਾਲ ਤੀਜੇ ਸਥਾਨ ‘ਤੇ ਰਹੇ। ਇੰਡੀਆ ਦੇ ਗੋਲਡਨ ਬੁਆਏ ਨੀਰਜ ਚੋਪੜਾ ਦੇ ਪਿਛਲੇ ਕੁਝ ਸਾਲ ਸ਼ਾਨਦਾਰ ਰਹੇ ਹਨ। 2021 ਓਲੰਪਿਕ ‘ਚ ਸੋਨ ਤਗ਼ਮਾ ਜਿੱਤਣ ਤੋਂ ਪਹਿਲਾਂ ਉਨ੍ਹਾਂ ਨੇ 2018 ‘ਚ ਏਸ਼ੀਅਨ ਖੇਡਾਂ ‘ਚ ਸੋਨ, 2018 ‘ਚ ਰਾਸ਼ਟਰਮੰਡਲ ਖੇਡਾਂ ‘ਚ ਸੋਨ ਤਗ਼ਮਾ ਜਿੱਤਿਆ ਸੀ, ਜਦੋਂ ਕਿ ਇਸ ਸਾਲ ਉਨ੍ਹਾਂ ਨੇ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ‘ਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ।