ਕਾਮਨਵੈਲਥ ਗੇਮਜ਼ ’ਚ ਵੇਟਲਿਫਟਿੰਗ ’ਚ ਭਾਰਤੀ ਅਥਲੀਟਾਂ ਦੇ ਸ਼ਾਨਦਾਰ ਸਫਰ ਨੂੰ ਜਾਰੀ ਰੱਖਦੇ ਹੋਏ ਭਾਰਤੀ ਵੇਟਲਿਫਟਰ ਹਰਜਿੰਦਰ ਕੌਰ ਨੇ ਔਰਤਾਂ ਦੇ 71 ਕਿਲੋਗ੍ਰਾਮ ਵਰਗ ’ਚ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਨਾਭਾ ਨਾਲ ਸਬੰਧਤ ਹਰਜਿੰਦਰ ਨੇ ਸਨੈਚ ’ਚ 93 ਅਤੇ ਕਲੀਨ ਐਂਡ ਜਰਕ ’ਚ 119 ਕਿਲੋਗ੍ਰਾਮ ਦਾ ਭਾਰ ਚੁੱਕ ਕੇ ਕੁੱਲ 212 ਕਿਲੋਗ੍ਰਾਮ ਭਾਰ ਨਾਲ ਕਾਂਸੀ ਦਾ ਤਮਗਾ ਜਿੱਤਿਆ। ਇਸ ਈਵੈਂਟ ਦਾ ਸੋਨ ਤਗ਼ਮਾ ਇੰਗਲੈਂਡ ਦੀ ਸਾਰਾਹ ਡੇਵਿਸ ਨੇ ਜਿੱਤਿਆ ਜਦਕਿ ਚਾਂਦੀ ਦਾ ਤਗ਼ਮਾ ਕੈਨੇਡਾ ਦੀ ਐਲੇਕਸਿਸ ਐਸ਼ਵਰਥ ਨੇ ਜਿੱਤਿਆ। ਸਨੈਚ ’ਚ ਹਰਜਿੰਦਰ ਦੀ 90 ਕਿਲੋਗ੍ਰਾਮ ਦੀ ਪਹਿਲੀ ਕੋਸ਼ਿਸ਼ ਅਸਫ਼ਲ ਰਹੀ ਪਰ ਦੂਜੀ ਕੋਸ਼ਿਸ਼ ’ਚ ਸਫ਼ਲਤਾਪੂਰਵਕ ਇਸ ਨੂੰ ਚੁੱਕਣ ਤੋਂ ਬਾਅਦ ਉਨ੍ਹਾਂ ਨੇ ਤੀਜੀ ਕੋਸ਼ਿਸ਼ ’ਚ 93 ਕਿਲੋਗ੍ਰਾਮ ਭਾਰ ਚੁੱਕਿਆ। ਇਸ ਤੋਂ ਬਾਅਦ ਉਨ੍ਹਾਂ ਨੇ ਕਲੀਨ ਐਂਡ ਜਰਕ ’ਚ 113, 116 ਅਤੇ ਫਿਰ 119 ਕਿਲੋਗ੍ਰਾਮ ਭਾਰ ਨੂੰ ਸਫ਼ਲਤਾਪੂਰਵਕ ਚੁੱਕਿਆ। ਇਸ ਈਵੈਂਟ ’ਚ ਸਾਰਾਹ ਨੇ ਇਨ੍ਹਾਂ ਖੇਡਾਂ ’ਚ ਤਿੰਨ ਨਵੇਂ ਰਿਕਾਰਡ ਬਣਾਏ। ਉਨ੍ਹਾਂ ਨੇ ਸਨੈਚ ’ਚ 103 ਕਿਲੋਗ੍ਰਾਮ ਅਤੇ ਕਲੀਨ ਐਂਡ ਜਰਕ ’ਚ 126 ਕਿਲੋਗ੍ਰਾਮ ਤੋਂ ਇਲਾਵਾ ਕੁੱਲ 229 ਕਿਲੋਗ੍ਰਾਮ ਭਾਰ ਚੁੱਕ ਕੇ ਨਵਾਂ ਰਿਕਾਰਡ ਬਣਾਇਆ। ਐਸ਼ਵਰਥ ਨੇ ਕੁੱਲ 214 (91 ਕਿਲੋਗ੍ਰਾਮ ਅਤੇ 123 ਕਿਲੋਗ੍ਰਾਮ) ਦਾ ਕੁੱਲ ਭਾਰ ਚੁੱਕਿਆ।