ਪੰਜਾਬ ਦੀ ਇਕ ਜੇਲ੍ਹ ‘ਚ ਕਾਲਾ ਪੀਲੀਆ ਫੈਲ ਗਿਆ ਹੈ ਅਤੇ ਸੈਂਕੜੇ ਕੈਦੀ ਹੈਪੇਟਾਈਟਸ-ਸੀ ਮਿਲਣ ਕਰਕੇ ਇਲਾਜ ਸ਼ੁਰੂ ਕੀਤਾ ਗਿਆ ਹੈ। ਇਹ ਮਾਮਲਾ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਦਾ ਹੈ। ਨਾਭਾ ਜੇਲ੍ਹ ਸੁਪਰਡੈਂਟ ਰਮਨਜੀਤ ਸਿੰਘ ਭੰਗੂ ਵੱਲੋਂ ਨਾਭਾ ਹਸਪਤਾਲ ਨੂੰ 300 ਹੈਪੇਟਾਈਟਸ-ਸੀ ਪਾਜ਼ੇਟਿਵ ਬੰਦੀਆਂ ਦੇ ਇਲਾਜ ਦੀ ਕਾਰਵਾਈ ਸ਼ੁਰੂ ਕਰਨ ਲਈ ਲੈਬ ਅਟੈਡੈਂਟ ਨੂੰ ਜੇਲ੍ਹ ‘ਚ ਤਾਇਨਾਤ ਕਰਨ ਲਈ ਪੱਤਰ ਲਿਖਿਆ ਗਿਆ। ਨਾਭਾ ਸਹਾਇਕ ਸੀਨੀਅਰ ਮੈਡੀਕਲ ਅਫਸਰ ਡਾ. ਪ੍ਰਦੀਪ ਅਰੋੜਾ ਨੇ ਦੱਸਿਆ ਕਿ 800 ਕੈਦੀਆਂ ‘ਚੋਂ 302 ਕੈਦੀ ਰੈਪਿਡ ਟੈਸਟ ‘ਚ ਪਾਜ਼ੇਟਿਵ ਪਾਏ ਗਏ ਸਨ। ਪਟਿਆਲਾ ਜ਼ਿਲ੍ਹਾ ਮਹਾਮਾਰੀ ਮਾਹਰ ਡਾ. ਦਿਵਜੋਤ ਸਿੰਘ ਨੇ ਦੱਸਿਆ ਕਿ ਅਗਲੀ ਪੜਤਾਲ ‘ਚ ਨਾਭਾ ਜੇਲ੍ਹ ‘ਚ 148 ਕੈਦੀਆਂ ‘ਚ ਹੈਪੇਟਾਈਟਸ-ਸੀ ਵਾਇਰਸ ਪ੍ਰਤੀਕਿਰਿਆਸ਼ੀਲ ਪਾਇਆ ਗਿਆ ਤੇ 10 ਬੰਦੀਆਂ ‘ਚ ਹੈਪੇਟਾਈਟਸ-ਬੀ ਵਾਇਰਸ। ਉਨ੍ਹਾਂ ਦੱਸਿਆ ਕਿ ਇਸ ਲਾਗ ਵਾਲੇ ਵਿਅਕਤੀਆਂ ਦੇ ਵੀ ਅੱਗੇ ਹੋਰ ਵਾਇਰਲ ਲੋਡ ਟੈਸਟ ਕੀਤੇ ਜਾ ਰਹੇ ਹਨ, ਜਿਸ ਨਾਲ ਵਾਇਰਸ ਦੀ ਮਿਕਦਾਰ ਦੇਖੀ ਜਾ ਸਕੇ ਤੇ ਇਕ ਵਿਸ਼ੇਸ਼ ਮਾਤਰਾ ਤੋਂ ਵੱਧ ‘ਤੇ ਹੀ ਇਲਾਜ ਸ਼ੁਰੂ ਕੀਤਾ ਜਾਂਦਾ ਹੈ। ਵਾਇਰਲ ਲੋਡ ਟੈਸਟ ਕਰਨ ਲਈ ਸੈਂਪਲ ਲਏ ਜਾ ਰਹੇ ਹਨ, ਜਿਸਦੇ ਨਤੀਜੇ ਹਫ਼ਤੇ, ਦੋ ਹਫਤੇ ‘ਚ ਆਉਣ ਪਿੱਛੋਂ ਇਲਾਜ ਸ਼ੁਰੂ ਕੀਤਾ ਜਾਵੇਗਾ। ਜਾਣਕਾਰੀ ਮੁਤਾਬਕ ਪਟਿਆਲਾ ਜ਼ਿਲ੍ਹਾ ਜੇਲ੍ਹ ‘ਚ ਵੀ ਟੈਸਟ ਕੀਤੇ ਜਾ ਰਹੇ ਹਨ ਤੇ 2400 ‘ਚੋਂ 1100 ਦੇ ਕਰੀਬ ਕੈਦੀਆਂ ਨੂੰ ਹੁਣ ਤੱਕ ਜਾਂਚਿਆ ਗਿਆ ਹੈ। ਡਾ. ਦਿਵਜੋਤ ਨੇ ਦੱਸਿਆ ਕਿ ਪਟਿਆਲਾ ‘ਚ 500 ਕੈਦੀਆਂ ‘ਚੋਂ 30 ਦੇ ਕਰੀਬ ਪ੍ਰਤੀਕਿਰਿਆਸ਼ੀਲ ਵਾਇਰਸ ਤੋਂ ਪ੍ਰਭਾਵਿਤ ਪਾਏ ਗਏ ਸਨ ਤੇ ਅਜੇ ਬਾਕੀਆਂ ਦੀ ਰਿਪੋਰਟ ਆਉਣੀ ਬਾਕੀ ਹੈ। ਇੰਨੀ ਵੱਡੀ ਗਿਣਤੀ ਕੈਦੀਆਂ ਦੇ ਹੈਪੇਟਾਈਟਸ-ਸੀ ਪੀੜਤ ਪਾਏ ਜਾਣ ਨਾਲ ਕਈ ਸਵਾਲ ਖੜ੍ਹੇ ਹੋਏ ਹਨ।